ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਕਿਤੇ ਮਨੁੱਖਤਾ ਉੱਤੇ ਕੋਈ ਮੁਸੀਬਤ ਆਈ ਹੈ, ਤਾਂ ਸਿੱਖ ਕੌਮ ਨੇ ਹਮੇਸ਼ਾ ਅੱਗੇ ਵੱਧ ਕਿ ਰਾਹਤ ਕਾਰਜਾਂ ਵਿੱਚ ਆਪਣੀ ਗਿਣਤੀ ਅਤੇ ਅਨੁਪਾਤ ਤੋਂ ਵੱਧ ਕੇ ਯੋਗਦਾਨ ਪਾਇਆ ਹੈ। ਇਸੇ ਤਰਾਂ 2020 ‘ਚ ਆਈ ਕੋਰੋਨਾ ਮਹਾਂਮਾਰੀ ਦੌਰਾਨ ਵੀ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੇ ਆਪਣੀ ਸਮਰੱਥਾ ਅਨੁਸਾਰ ਹਰ ਵਰਗ ਦੀ ਸਹਾਇਤਾ ਕੀਤੀ ਹੈ। ਮਹਾਮਾਰੀ ਦੌਰਾਨ ਸਿੱਖਾਂ ਵੱਲੋ ਕੀਤੀ ਗਈ ਸੇਵਾ ਦੀ ਹਰ ਦੇਸ਼ ਦੇ ਨੁਮਾਇੰਦਿਆਂ ਨੇ ਸ਼ਲਾਘਾ ਕੀਤੀ ਹੈ। ਇਸ ਵਿਚਕਾਰ ਹੁਣ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਅਤੇ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਖਬਰ ਨਿਊਜ਼ੀਲੈਂਡ ਤੋਂ ਆਈ ਹੈ। ਇਸ ਵਾਰ ਪੰਜਾਬੀਆਂ ਅਤੇ ਸਿੱਖਾਂ ਦਾ ਮਾਣ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਵਧਾਇਆ ਹੈ।
ਦਰਅਸਲ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਕੋਰੋਨਾ ਕਾਲ ਅਤੇ ਹੜਾਂ ਦੌਰਾਨ ਨਿਭਾਈ ਗਈ ਸੇਵਾ ਲਈ ਨਿਊਜੀਲੈਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਅਵਾਰਡ ਅਤੇ ਬੈਜ ਨਾਲ ਸਨਮਾਨਿਤ ਕੀਤਾ ਹੈ। ਇਸ ਦੌਰਾਨ ਉਨ੍ਹਾਂ ਸਿੱਖ ਭਾਈਚਾਰੇ ਦਾ ਧੰਨਵਾਦ ਵੀ ਕੀਤਾ। ਪ੍ਰਧਾਨ ਮੰਤਰੀ ਵੱਲੋਂ ਮਿਲੇ ਸਨਮਾਨ ਦੇ ਨਾਲ ਨਾਲ ਨਿਊਜੀਲੈਂਡ ਮਨਿਸਟਰ ਐਥਨਿਕ ਕਮਿਊਨਟੀ ਵਲੋਂ ਵੀ ਵਿਸ਼ੇਸ਼ ਤੌਰ ‘ਤੇ ਇਸ ਮੌਕੇ ‘ਪ੍ਰਸੰਸਾ ਐਵਾਰਡ’ ਸਰਟੀਫਿਕੇਟ ਭੇਜਿਆ ਗਿਆ ਹੈ। ਦੱਸ ਦੇਈਏ ਕਿ ਨਿਊਜ਼ੀਲੈਂਡ ਵਿੱਚ ਵੱਖ-ਵੱਖ ਖੇਤਰਾਂ ‘ਚ ਅਹਿਮ ਯੋਗਦਾਨ ਪਾਉਣ ਵਾਲੀ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੂੰ ਆਪਨ ਸੇਵਾ ਭਾਵਨਾ ਲਈ ਪਹਿਲਾਂ ਵੀ ਫੂਡ ਹੀਰੋ ਦਾ ਅਵਾਰਡ ਮਿਲ ਚੁੱਕਾ ਹੈ। ਉੱਥੇ ਹੀ ਇਸ ਸਨਮਾਨ ਦੇ ਮਿਲਣ ਮਗਰੋਂ ਦਲਜੀਤ ਸਿੰਘ ਨੇ ਕਿਹਾ ਕਿ ਇਹ ਸਨਮਾਨ ਸਾਰੇ ਮੈਬਰਾਂ ਅਤੇ ਸੰਗਤਾਂ ਦਾ ਹੈ, ਜਿਨ੍ਹਾਂ ਨੇ ਇਸ ੳੇੁਪਰਾਲੇ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ।