ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਤਰ੍ਹਾਂ ਦੀਆਂ ਖ਼ਬਰਾਂ ਹਰ ਰੋਜ਼ ਦੇਖਣ ਨੂੰ ਮਿਲਦੀਆਂ ਹਨ। ਹੁਣ ਅਮਰੀਕਾ ਦੇ ਡੇਨਵਰ ਵਿੱਚ ਇੱਕ ਵਾਰ ਫਿਰ ਸਮੂਹਿਕ ਗੋਲੀਬਾਰੀ ਦੀ ਘਟਨਾ ਦੇਖਣ ਨੂੰ ਮਿਲੀ ਹੈ। ਰਾਇਟਰਜ਼ ਦੀ ਰਿਪੋਰਟ ਮੁਤਾਬਿਕ ਮੰਗਲਵਾਰ ਨੂੰ ਹੋਈ ਗੋਲੀਬਾਰੀ ‘ਚ ਕੁੱਲ ਨੌਂ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਦੇ ਅਨੁਸਾਰ, ਗੋਲੀਬਾਰੀ ਬਾਲ ਅਖਾੜੇ ਦੇ ਨੇੜੇ ਮਾਰਕੀਟ ਸਟਰੀਟ ‘ਤੇ ਹੋਈ, ਜਿੱਥੇ ਸ਼ਹਿਰ ਦੀ ਬਾਸਕਟਬਾਲ ਟੀਮ, ਡੇਨਵਰ ਨਗੇਟਸ, ਆਪਣੀ ਪਹਿਲੀ ਐਨਬੀਏ ਖਿਤਾਬ ਜਿੱਤ ਦਾ ਜਸ਼ਨ ਮਨਾ ਰਹੀ ਸੀ। ਇਸ ਦੌਰਾਨ ਸਮੂਹਿਕ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਿਸ ਨੂੰ ਗੋਲੀ ਲੱਗੀ ਹੈ। ਘਟਨਾ ਬਾਰੇ ਪੁਲਿਸ ਨੇ ਇੱਕ ਟਵਿੱਟਰ ਪੋਸਟ ਵਿੱਚ ਕਿਹਾ ਕਿ ਪੀੜਤਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ, ਜਦਕਿ ਬਾਕੀ ਖ਼ਤਰੇ ਤੋਂ ਬਾਹਰ ਹਨ। ਹਾਲਾਂਕਿ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ‘ਚ ਵੀ ਰੱਖਿਆ ਜਾਵੇਗਾ।
ਪੁਲਿਸ ਦਾ ਮੰਨਣਾ ਹੈ ਕਿ ਮੈਚ ਤੋਂ ਬਾਅਦ ਹਜ਼ਾਰਾਂ ਲੋਕ ਜਸ਼ਨ ਮਨਾਉਣ ਲਈ ਮੈਦਾਨ ਦੇ ਆਲੇ-ਦੁਆਲੇ ਅਤੇ ਸੜਕਾਂ ‘ਤੇ ਇਕੱਠੇ ਹੋਏ, ਜਿਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਝੜਪ ਜ਼ਰੂਰ ਹੋਈ ਹੋਵੇਗੀ। ਇਹ ਘਟਨਾ ਮੰਗਲਵਾਰ (13 ਜੂਨ) ਨੂੰ 12:30 ਵਜੇ ਵਾਪਰੀ। ਪੁਲਿਸ ਬੁਲਾਰੇ ਡੱਗ ਸ਼ੇਪਮੈਨ ਨੇ ਕਿਹਾ ਕਿ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੋਲੀਬਾਰੀ ਕਿਉਂ ਹੋਈ। ਪੁਲਿਸ ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਘਟਨਾ ਮੈਚ ਖਤਮ ਹੋਣ ਦੇ ਕਰੀਬ ਤਿੰਨ ਘੰਟੇ ਬਾਅਦ ਵਾਪਰੀ। ਉਦੋਂ ਲੋਕ ਜਸ਼ਨ ਮਨਾ ਆਪਣੇ ਘਰਾਂ ਨੂੰ ਜਾ ਰਹੇ ਸਨ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਹਮਲਾਵਰ ਕੌਣ ਸਨ ਅਤੇ ਗੋਲੀਬਾਰੀ ਪਿੱਛੇ ਉਨ੍ਹਾਂ ਦਾ ਮਕਸਦ ਕੀ ਸੀ।