ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਆਕਲੈਂਡ ਮੈਕਡੋਨਲਡਜ਼ ਦੇ ਬਾਹਰ ਇੱਕ 12 ਸਾਲ ਦੀ ਬੱਚੀ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਨੂੰ “ਭਿਆਨਕ ਅਤੇ ਅਸਵੀਕਾਰਨਯੋਗ” ਕਿਹਾ ਹੈ। ਦੱਸ ਦੇਈਏ ਇਹ ਘਟਨਾ ਸ਼ਨੀਵਾਰ ਦੁਪਹਿਰ ਨੂੰ ਉਸ ਸਮੇਂ ਵਾਪਰੀ ਜਦੋਂ ਕੁੜੀ ਗਲੇਨਫੀਲਡ ਦੇ ਮੈਕਡੋਨਲਡਜ਼ ਵਿੱਚ ਆਪਣੇ ਦੋਸਤਾਂ ਨਾਲ ਭੋਜਨ ਦਾ ਆਨੰਦ ਮਾਣ ਰਹੀ ਸੀ। 12 ਸਾਲ ਦੀ ਬੱਚੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇਕੱਠੇ ਹੱਸ ਰਹੇ ਸਨ, ਜਿਸ ਕਾਰਨ ਰੈਸਟੋਰੈਂਟ ਵਿੱਚ ਇੱਕ ਹੋਰ ਕੁੜੀ ਨੂੰ ਲੱਗਿਆ ਕਿ ਉਨ੍ਹਾਂ ਵੱਲੋਂ ਉਸਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਰੈਸਟੋਰੈਂਟ ਦੇ ਬਾਹਰ ਦੂਜੀ ਲੜਕੀ ਨੇ ਕਥਿਤ ਤੌਰ ‘ਤੇ 12 ਸਾਲ ਦੀ ਬੱਚੀ ਨੂੰ ਪਹਿਲਾਂ ਮੁਆਫੀ ਮੰਗਣ ਲਈ ਕਿਹਾ ਅਤੇ ਫਿਰ ਮੁਆਫੀ ਮੰਗਣ ਦੇ ਬਾਵਜੂਦ ਉਸ ਦੇ ਚਿਹਰੇ ‘ਤੇ ਵਾਰ-ਵਾਰ ਲੱਤਾਂ ਮਾਰੀਆਂ ਗਈਆਂ, ਜਿਸ ਨਾਲ ਉਹ ਖੂਨ ਨਾਲ ਲੱਥਪੱਥ ਹੋ ਗਈ।
ਇਹ ਹਮਲਾ ਉਦੋਂ ਹੋਇਆ ਹੈ ਜਦੋਂ ਸਰਕਾਰ ਨੂੰ ਦੇਸ਼ ਭਰ ਵਿੱਚ ਅਪਰਾਧ ਦੇ ਪੱਧਰ ਨੂੰ ਲੈ ਕੇ ਵੱਧਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਸਵੇਰੇ ਇੱਕ ਚੈੱਨਲ ਨਾਲ ਗੱਲ ਕਰਦੇ ਹੋਏ, ਹਿਪਕਿਨਜ਼ ਨੇ ਹਮਲੇ ਨੂੰ “ਭਿਆਨਕ” ਕਿਹਾ ਅਤੇ ਜ਼ੋਰ ਦੇ ਕੇ ਕਿਹਾ ਕਿ ਨਿਊਜ਼ੀਲੈਂਡ ਰਹਿਣ ਲਈ ਇੱਕ ਸੁਰੱਖਿਅਤ ਜਗ੍ਹਾ ਹੈ। ਮੈਨੂੰ ਲਗਦਾ ਹੈ ਕਿ ਨਿਊਜ਼ੀਲੈਂਡ ਇੱਕ ਸੁਰੱਖਿਅਤ ਦੇਸ਼ ਹੈ, ਪਰ ਮੈਨੂੰ ਲੱਗਦਾ ਹੈ ਕਿ ਕੋਈ ਵੀ ਘਟਨਾ ਜਿਵੇਂ ਕਿ ਅਸੀਂ ਇੱਥੇ ਦੇਖੀ ਹੈ, ਭਿਆਨਕ ਅਤੇ ਅਸਵੀਕਾਰਨਯੋਗ ਹੈ ਅਤੇ ਹਮੇਸ਼ਾ ਰਹੇਗੀ। ਉਨ੍ਹਾਂ ਕਿਹਾ ਕਿ “ਕਿਸੇ ਵੀ ਮਾਪਿਆਂ ਜਾਂ ਪੀੜਤਾਂ ਨੂੰ ਇਸ ਤਰ੍ਹਾਂ ਦੇ ਤਜ਼ਰਬੇ ਵਿੱਚੋਂ ਨਹੀਂ ਲੰਘਣਾ ਚਾਹੀਦਾ।” ਦੱਸ ਦੇਈਏ ਕਿ ਇਹ ਲੜਕੀ ਇੱਕ ਪ੍ਰਵਾਸੀ ਪਰਿਵਾਰ ਤੋਂ ਹੈ ਜੋ ਪਿਛਲੇ ਸਾਲ ਅਗਸਤ ਵਿੱਚ ਫਿਲੀਪੀਨਜ਼ ਤੋਂ ਨਿਊਜ਼ੀਲੈਂਡ ਆਈ ਸੀ।