ਦੂਰਦਰਸ਼ਨ ਦੀ ਮਸ਼ਹੂਰ ਅਤੇ ਪਹਿਲੀ ਅੰਗਰੇਜ਼ੀ ਨਿਊਜ਼ ਐਂਕਰ ਗੀਤਾਂਜਲੀ ਅਈਅਰ ਦਾ ਬੁੱਧਵਾਰ ਨੂੰ 76 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਲਗਭਗ 30 ਸਾਲਾਂ ਤੱਕ, ਉਨ੍ਹਾਂ ਨੇ ਨੈਸ਼ਨਲ ਬ੍ਰਾਡਕਾਸਟਰ ‘ਤੇ ਸੇਵਾ ਕੀਤੀ ਸੀ। ਗੀਤਾਂਜਲੀ 1971 ਵਿੱਚ ਦੂਰਦਰਸ਼ਨ ਨਾਲ ਜੁੜੇ ਸੀ। ਆਪਣੇ ਤਿੰਨ ਦਹਾਕਿਆਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਚਾਰ ਵਾਰ ਸਰਵੋਤਮ ਨਿਊਜ਼ ਐਂਕਰ ਦਾ ਐਵਾਰਡ ਮਿਲਿਆ ਸੀ।
ਗੀਤਾਂਜਲੀ ਨੂੰ 1989 ਵਿੱਚ ਇੰਦਰਾ ਗਾਂਧੀ ਪ੍ਰਿਯਦਰਸ਼ਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਖੇਤਰ ਵਿੱਚ ਸ਼ਾਨਦਾਰ ਕੰਮ, ਪ੍ਰਾਪਤੀਆਂ ਅਤੇ ਯੋਗਦਾਨ ਲਈ ਦਿੱਤਾ ਗਿਆ ਸੀ। ਦੱਸ ਦੇਈਏ ਕਿ ਗੀਤਾਂਜਲੀ ਅਈਅਰ ਨੇ ਕੋਲਕਾਤਾ ਦੇ ਲੋਰੇਟੋ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਡਿਪਲੋਮਾ ਵੀ ਕੀਤਾ ਸੀ। ਦੂਰਦਰਸ਼ਨ ਤੋਂ ਸੇਵਾਮੁਕਤ ਹੋਣ ਤੋਂ ਬਾਅਦ, ਉਨ੍ਹਾਂ ਨੇ ਕਾਰਪੋਰੇਟ ਸੰਚਾਰ ਵਿੱਚ ਵੀ ਕੰਮ ਕੀਤਾ ਸੀ। ਉਹ ਭਾਰਤੀ ਉਦਯੋਗ ਸੰਘ ਦੀ ਸਲਾਹਕਾਰ ਵੀ ਬਣੇ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੀਰੀਅਲ ‘ਖੰਡਨ’ ‘ਚ ਵੀ ਕੰਮ ਕੀਤਾ ਸੀ।