ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੇ ਬੁੱਧਵਾਰ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ ਹੈ। ਮੀਟਿੰਗ ‘ਚ ਪਹਿਲਵਾਨਾਂ ਨੇ ਆਪਣੀਆਂ 5 ਮੰਗਾਂ ਰੱਖੀਆਂ, ਜਿਸ ‘ਚ ਉਨ੍ਹਾਂ ਬ੍ਰਿਜ ਭੂਸ਼ਣ ਦੀ ਜਲਦ ਗ੍ਰਿਫਤਾਰੀ ‘ਤੇ ਮੁੜ ਜ਼ੋਰ ਦਿੱਤਾ ਹੈ। ਅਨੁਰਾਗ ਨੂੰ ਮਿਲਣ ਲਈ ਪਹਿਲਵਾਨਾਂ ਦੇ ਵੱਲੋਂ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਪਹੁੰਚੇ ਸਨ। ਪਹਿਲਵਾਨ ਅਤੇ ਅਨੁਰਾਗ ਵਿਚਾਲੇ ਕਰੀਬ 5 ਘੰਟੇ ਤੱਕ ਗੱਲਬਾਤ ਹੋਈ। ਇਸ ਤੋਂ ਬਾਅਦ ਸਾਕਸ਼ੀ ਮਲਿਕ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੰਦੋਲਨ 15 ਜੂਨ ਤੱਕ ਮੁਅੱਤਲ ਰਹੇਗਾ। ਜੇਕਰ ਬ੍ਰਿਜ ਭੂਸ਼ਣ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਉਹ ਮੁੜ ਅੰਦੋਲਨ ‘ਤੇ ਵਿਚਾਰ ਕਰਨਗੇ।
ਪਹਿਲਵਾਨ ਬਜਰੰਗ ਪੂਨੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਸਰਕਾਰ ਨੇ ਗੱਲਬਾਤ ਦੌਰਾਨ ਉਨ੍ਹਾਂ ਤੋਂ 15 ਜੂਨ ਤੱਕ ਦਾ ਸਮਾਂ ਮੰਗਿਆ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ 15 ਜੂਨ ਤੱਕ ਜਾਂਚ ਦੀ ਸਥਿਤੀ ਬਾਰੇ ਦੱਸ ਦਿੱਤਾ ਜਾਵੇਗਾ। ਪੂਨੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਲਹਾਲ ਆਪਣਾ ਪ੍ਰਦਰਸ਼ਨ ਖ਼ਤਮ ਨਹੀਂ ਕੀਤਾ ਹੈ। ਜੇਕਰ 15 ਜੂਨ ਤੋਂ ਬਾਅਦ ਕਾਰਵਾਈ ਨਾ ਹੋਈ ਤਾਂ ਉਹ ਮੁੜ ਅੰਦੋਲਨ ਕਰਨ ਬਾਰੇ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਕੁੱਝ ਨੁਕਤਿਆਂ ‘ਤੇ ਗੱਲਬਾਤ ਹੋਈ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਹੈ ਕਿ ਜੋ ਅੱਜ ਹੋਇਆ ਹੈ, ਉਹ ਪਹਿਲਾਂ ਹੋ ਜਾਣਾ ਚਾਹੀਦਾ ਸੀ। ਪੂਨੀਆ ਨੇ ਇਹ ਵੀ ਦੱਸਿਆ ਕਿ 28 ਮਈ ਨੂੰ ਧਰਨੇ ਦੌਰਾਨ ਪਹਿਲਵਾਨਾਂ ਵਿਰੁੱਧ ਦਰਜ ਕੀਤਾ ਗਿਆ ਕੇਸ ਵੀ ਵਾਪਿਸ ਲੈ ਲਿਆ ਜਾਵੇਗਾ।
ਇਸ ਦੇ ਨਾਲ ਹੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੱਲ੍ਹ ਉਨ੍ਹਾਂ ਨੇ ਸਰਕਾਰ ਦੇ ਵੱਲੋਂ ਪਹਿਲਵਾਨਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਸੀ। ਅੱਜ ਲੰਬੀ ਗੱਲ ਹੋਈ। ਬ੍ਰਿਜ ਭੂਸ਼ਣ ਵਿਰੁੱਧ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ 15 ਜੂਨ ਤੱਕ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਖਿਡਾਰੀਆਂ ਦੀਆਂ ਬਾਕੀ ਮੰਗਾਂ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਾਰੇ ਕੰਮ ਖੁੱਲ੍ਹੇ ਦਿਮਾਗ ਨਾਲ ਕੀਤੇ ਹਨ ਅਤੇ ਇਹ ਮੀਟਿੰਗ ਹਾਂ-ਪੱਖੀ ਰਹੀ ਹੈ। ਇਸ ਦੌਰਾਨ ਅਨੁਰਾਗ ਨੇ ਪਹਿਲਵਾਨਾਂ ਦੀਆਂ ਮੰਗਾਂ ਵੀ ਦੱਸੀਆਂ।