ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵਿੱਚ ਲਿਫਾਫਾ ਕਲਚਰ ਦਾ ਵਿਰੋਧ ਕਰਨ ਵਾਲੇ ਅਕਾਲੀ ਦਲ ਦੇ ਸਾਬਕਾ ਆਗੂ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਖੇ ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੇ 73ਵੇਂ ਸਾਲਾਨਾ ਸਮਾਗਮ ਦੇ ਆਖਰੀ ਦਿਨ ਨਵੀਂ ਧਾਰਮਿਕ ਜਥੇਬੰਦੀ ‘ਸ਼੍ਰੋਮਣੀ ਅਕਾਲੀ ਪੰਥ’ ਬਣਾਉਣ ਦਾ ਐਲਾਨ ਕੀਤਾ। ਇਸ ਮੌਕੇ ਹਾਜ਼ਰ ਸੰਗਤ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਹਾਮੀ ਭਰੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸਿੱਖ ਧਰਮ ਦੀਆਂ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਆਉਣ ਦੀ ਲੋੜ ਉਸ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਜਦੋਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਲਿਫਾਫਾ ਕਲਚਰ ਨੂੰ ਚੁਣੌਤੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਸੰਤ ਪ੍ਰੇਮ ਸਿੰਘ ਜੀ ਦੇ ਇਸ ਪਾਵਨ ਅਸਥਾਨ ਤੋਂ ਪ੍ਰਣ ਲੈਂਦੇ ਹਨ ਕਿ ਜਦੋਂ ਤੱਕ ਉਨ੍ਹਾਂ ਦੇ ਸਾਹ ਹਨ, ਉਹ ਹਰ ਸਾਹ ਨਾਲ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣਗੇ।
ਉਨ੍ਹਾਂ ਸਾਰਿਆਂ ਨੂੰ ਸਿੱਖ ਕੌਮ ਅਤੇ ਸੰਪਰਦਾ ਦੀ ਪੁਰਾਤਨ ਸ਼ਾਨ ਬਹਾਲ ਕਰਨ ਅਤੇ ਖਾਲਸਾ ਪੰਥ ਦੀ ਤਰੱਕੀ ਲਈ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਸਾਹਮਣੇ ਪੇਸ਼ ਕੀਤੇ ਗਏ ਇਸ ਪੰਥਕ ਏਜੰਡੇ ਵਿੱਚ ਪਹਿਲਾ ਟੀਚਾ ਸਿੱਖ ਜਗਤ ਦੀ ਮੋਹਰੀ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ, ਖ਼ੁਦ ਮੁਖਤਿਆਰੀ ਅਤੇ ਪੰਥਕ ਰੁਤਬਾ ਬਹਾਲ ਕਰਨਾ ਹੋਵੇਗਾ।