ਪਿਛਲੇ ਕਈ ਦਿਨਾਂ ਤੋਂ ਪੰਜਾਬ ‘ਚ Z ਪਲੱਸ ਸੁਰੱਖਿਆ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀ ਕੇਂਦਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਾਰੇ ਸੀਐਮ ਸੁਰੱਖਿਆ ਟੀਮ ਨੇ ਕੇਂਦਰ ਨੂੰ ਪੱਤਰ ਲਿਖ ਕੇ ਤਰਕ ਦਿੱਤਾ ਹੈ ਕਿ ਦੋ ਸਰੱਖਿਆ ਘੇਰੇ ਹੋਣ ਕਰਕੇ ਕਮਾਂਡ ਦੀ ਸਮੱਸਿਆ ਹੋਏਗੀ ਜਿਸ ਨਾਲ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੀਐਮ ਮਾਨ ਦੀ ਸੁਰੱਖਿਆ ਲਈ ਪੰਜਾਬ ਤੇ ਦਿੱਲੀ ਵਿੱਚ ਪੰਜਾਬ ਪੁਲਿਸ ਤੇ ਸੀਐਮ ਸੁਰੱਖਿਆ ਦੀਆਂ ਵਿਸ਼ੇਸ਼ ਟੀਮਾਂ ਕਾਫੀ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ Z ਪਲੱਸ ਸੁਰੱਖਿਆ ਕੀ ਹੁੰਦੀ ਹੈ ਅਤੇ ਕਿਹੜੇ ਵਿਅਕਤੀਆਂ ਨੂੰ ਇਹ ਸੁਰੱਖਿਆ ਦਿੱਤੀ ਜਾਂਦੀ ਹੈ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਕਿਵੇਂ ਹੁੰਦੀ ਹੈ?
ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਯਾਨਿ ਐੱਸਪੀਜੀ ਕੋਲ ਹੁੰਦੀ ਹੈ। ਪ੍ਰਧਾਨ ਮੰਤਰੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵੀ ਕੁਝ ਸਮੇਂ ਲਈ ਇਹ ਸੁਰੱਖਿਆ ਮਿਲਦੀ ਹੈ। ਸਾਲ 1984 ਵਿੱਚ ਇੰਦਰਾ ਗਾਂਧੀ ਦੀ ਕਤਲ ਦੇ ਕੁਝ ਸਾਲ ਬਾਅਦ 1988 ਵਿੱਚ ਐੱਸਪੀਜੀ ਦਾ ਗਠਨ ਹੋਇਆ ਸੀ। ਐੱਸਪੀਜੀ ਦਾ ਸਾਲਾਨਾ ਬਜਟ 300 ਕਰੋੜ ਰੁਪਏ ਤੋਂ ਵੱਧ ਹੈ ਅਤੇ ਇਸ ਨੂੰ ਦੇਸ਼ ਦੀ ਸਭ ਤੋਂ ਮਹਿੰਗੀ ਅਤੇ ਪੁਖ਼ਤਾ ਸੁਰੱਖਿਆ ਵਿਵਸਥਾ ਮੰਨਿਆ ਵਿਵਸਥਾ ਮੰਨਿਆ ਜਾਂਦਾ ਹੈ।
ਕੀ ਹੁੰਦੀ ਹੈ Z ਪਲੱਸ ਸੁਰੱਖਿਆ ?
ਦਰਅਸਲ ਸਰਕਾਰ ਸਮੇਂ-ਸਮੇਂ ‘ਤੇ ਦੇਸ਼ ਵਿੱਚ ਦਿੱਗਜ਼ ਸਿਆਸੀ ਆਗੂਆਂ, ਵੱਡੇ ਅਧਿਕਾਰੀਆਂ ਅਤੇ ਖ਼ਾਸ ਸ਼ਖ਼ਸੀਅਤਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੀ ਸੁਰੱਖਿਆ ਮੁਹੱਈਆ ਕਰਵਾਉਂਦੀ ਰਹੀ ਹੈ। ਇਸ ਦਾ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਇਸ ਦੇ ਤਹਿਤ ਜ਼ੈੱਡ ਪਲੱਸ ਤੋਂ ਲੈ ਕੇ ਐਕਸ ਸ਼੍ਰੇਣੀ ਤੱਕ ਦੀ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਇੱਕ ਰਿਪੋਰਟ ਦੇ ਮੁਤਾਬਿਕ ਫਿਲਹਾਲ ਭਾਰਤ ਵਿੱਚ 440 ਤੋਂ ਵੱਧ ਲੋਕਾਂ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਮਿਲੀ ਹੋਈ ਹੈ। ਭਾਰਤ ਸਰਕਾਰ ਵੱਲੋਂ ਮੁਹੱਈਆ ਕੀਤੀ ਜਾਣ ਵਾਲੀ ਸਾਰੇ ਪ੍ਰਕਾਰ ਦੀ ਸੁਰੱਖਿਆਵਾਂ ਵਿੱਚ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ), ਨੈਸ਼ਨਲ ਸਿਕਿਓਰਿਟੀ ਗਾਰਡਸ (ਐੱਨਐੱਸਜੀ), ਇੰਡੀਅਨ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਅਤੇ ਸੈਂਟ੍ਰਲ ਰਿਜਰਵ ਪੁਲਿਸ ਫੋਰਸ (ਸੀਆਰਪੀਐੱਫ) ਏਜੰਸੀਆਂ ਸ਼ਾਮਿਲ ਹੁੰਦੀਆਂ ਹਨ। ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇਸ਼ ਦੀ ਸਭ ਤੋਂ ਸਖ਼ਤ ਸੁਰੱਖਿਆ ਵਿਵਸਥਾ ਹੈ। ਇਹ ਵੀਵੀਆਈਪੀ ਸ਼੍ਰੇਣੀ ਦੀ ਸੁਰੱਖਿਆ ਮੰਨੀ ਜਾਂਦੀ ਹੈ।
ਇਸ ਸ਼੍ਰੇਣੀ ਦੀ ਸੁਰੱਖਿਆ ਵਿੱਚ 55 ਸੁਰੱਖਿਆ ਕਰਮੀ ਤਾਇਨਾਤ ਹੁੰਦੇ ਹਨ। ਇਨ੍ਹਾਂ ਵਿੱਚ ਐੱਨਐੱਸਜੀ ਅਤੇ ਐੱਸਪੀਜੀ ਦੇ ਕਮਾਂਡੋ ਸ਼ਾਮਿਲ ਰਹਿੰਦੇ ਹਨ। ਇਸ ਸੁਰੱਖਿਆ ਵਿੱਚ ਪਹਿਲੇ ਘੇਰੇ ਦੀ ਜ਼ਿੰਮੇਵਾਰੀ ਐੱਨਐੱਸਜੀ ਦੀ ਹੁੰਦੀ ਹੈ ਜਦਕਿ ਦੂਜੀ ਪਰਤ ਐੱਸਪੀਜੀ ਕਮਾਂਡੋ ਦੀ ਹੁੰਦੀ ਹੈ। ਇਸ ਤੋਂ ਇਲਾਵਾ ਆਈਟੀਬੀਪੀ ਅਤੇ ਸੀਆਰਪੀਐੱਫ ਦੇ ਜਵਾਨ ਵੀ ਜ਼ੈੱਡ ਪਲੱਸ ਸੁਰੱਖਿਆ ਸ਼੍ਰੇਣੀ ਵਿੱਚ ਸ਼ਾਮਿਲ ਰਹਿੰਦੇ ਹਨ। ਸੁਰੱਖਿਆ ‘ਚ ਪੰਜ ਜਾਂ ਇਸ ਤੋਂ ਵੱਧ ਬੁਲੇਟ ਪਰੂਫ਼ ਕਾਰਾਂ ਵੀ ਹੁੰਦੀਆਂ ਹਨ।
ਹੁਣ ਗੱਲ ਕਰਦੇ ਹਾਂ ਜ਼ੈੱਡ ਅਤੇ ਵਾਈ ਸ਼੍ਰੇਣੀ ?
ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਿੱਚ ਸੁਰੱਖਿਆ ਕਰਮੀਆਂ ਦੀ ਗਿਣਤੀ 22 ਹੁੰਦੀ ਹੈ। ਇਸ ਸ਼੍ਰੇਣੀ ਵਿੱਚ ਆਈਟੀਬੀਪੀ (ਇੰਡੋ-ਤਿੱਬਤਨ ਬਾਰਡਰ ਪੁਲਿਸ ) ਅਤੇ ਸੀਆਰਪੀਐੱਫ (ਕੇਂਦਰੀ ਰਿਜ਼ਰਵ ਪੁਲਿਸ ਬਲ) ਦੇ ਜਵਾਨ ਅਤੇ ਅਧਿਕਾਰੀ ਸੁਰੱਖਿਆ ਵਿੱਚ ਲਗਾਏ ਜਾਂਦੇ ਹਨ। ਇਸ ਸ਼੍ਰੇਣੀ ਦੀ ਸੁਰੱਖਿਆ ਵਿੱਚ ਐੱਸਕਾਰਟ ਅਤੇ ਪਾਇਲਟ ਵਾਹਨ ਵੀ ਦਿੱਤੇ ਜਾਂਦੇ ਹਨ। ਜਦਕਿ ਵਾਈ ਸ਼੍ਰੇਣੀ ਵਿੱਚ ਇਹ ਗਿਣਤੀ ਘੱਟ ਕੇ 11 ਹੋ ਜਾਂਦੀ ਹੈ। ਜਿਨ੍ਹਾਂ ਵਿੱਚ ਦੋ ਪਰਸਨਲ ਸਿਕਿਓਰਿਟੀ ਆਫੀਸਰਸ (ਪੀਐੱਸਓ) ਸ਼ਾਮਿਲ ਹੁੰਦੇ ਹਨ।
ਵਾਈ-ਪਲੱਸ ਸ਼੍ਰੇਣੀ ਵਿੱਚ ਇੱਕ ਐਸਕਾਰਟ ਵਾਹਨ ਅਤੇ ਨਿੱਜੀ ਸੁਰੱਖਿਆ ਕਰਮੀ ਤੋਂ ਇਲਾਵਾ ਰਿਹਾਇਸ਼ ‘ਤੇ ਇੱਕ ਗਾਰਡ ਕਮਾਂਡਰ ਅਤੇ ਚਾਰ ਗਾਰਡ ਤਾਇਨਾਤ ਰਹਿੰਦੇ ਹੈ। ਇਨ੍ਹਾਂ ਗਾਰਡਾਂ ਵਿੱਚ ਇੱਕ ਸਬ-ਇੰਸਪੈਕਟਰ ਰੈਂਕ ਦਾ ਅਧਿਕਾਰੀ ਹੁੰਦਾ ਹੈ ਜਦਕਿ ਤਿੰਨ ਹੋਰਨਾਂ ਸੁਰੱਖਿਆ ਮੁਲਾਜ਼ਮਾਂ ਕੋਲ ਸਵੈਚਾਲਿਤ ਹਥਿਆਰ ਹੁੰਦੇ ਹਨ। ਐਕਸ ਕੈਟਗਰੀ ਵਿੱਚ 2 ਸੁਰੱਖਿਆ ਕਰਮੀ ਤਾਇਨਾਤ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਪੀਐੱਸਓ ਸ਼ਾਮਿਲ ਹੁੰਦਾ ਹੈ।