ਚੇਨਈ ਸੁਪਰ ਕਿੰਗਜ਼ (CSK) ਨੇ IPL ਦੇ 16ਵੇਂ ਸੀਜ਼ਨ ਦੇ ਫਾਈਨਲ ਮੈਚ ਵਿੱਚ ਗੁਜਰਾਤ ਟਾਈਟਨਸ (GT) ਨੂੰ 5 ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਹੁਣ ਚੇਨਈ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਵੱਧ ਵਾਰ ਟਰਾਫੀ ਜਿੱਤਣ ਦੇ ਮਾਮਲੇ ਵਿੱਚ ਮੁੰਬਈ ਇੰਡੀਅਨਜ਼ (MI) ਦੇ ਬਰਾਬਰ ਪਹੁੰਚ ਗਈ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਟੀਮ ਨੇ ਪੂਰੇ ਸੀਜ਼ਨ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਖਿਤਾਬ ਜਿੱਤਿਆ। ਇਸ ਸੀਜ਼ਨ ‘ਚ ਧੋਨੀ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਇਕ ਵੱਖ ਤਰ੍ਹਾਂ ਦਾ ਕ੍ਰੇਜ਼ ਦੇਖਣ ਨੂੰ ਮਿਲਿਆ। ਤੜਕੇ 3 ਵਜੇ ਫਾਈਨਲ ਮੈਚ ਤੋਂ ਬਾਅਦ ਧੋਨੀ ਵੀ ਸਟੇਡੀਅਮ ‘ਚ ਮੌਜੂਦ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਇਕੱਲੇ ਹੀ ਮੈਦਾਨ ‘ਚ ਆਏ ਸਨ।
ਫਾਈਨਲ ਮੈਚ ‘ਚ ਮੀਂਹ ਪੈਣ ਕਾਰਨ ਪਹਿਲਾ ਮੈਚ ਰਿਜ਼ਰਵ ਡੇ ‘ਤੇ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਦੋਂ 29 ਮਈ ਨੂੰ ਮੈਚ ਖੇਡਿਆ ਗਿਆ ਤਾਂ ਗੁਜਰਾਤ ਦੀ ਪਾਰੀ ਤੋਂ ਬਾਅਦ ਮੁੜ ਮੀਂਹ ਪੈਣ ਕਾਰਨ ਕਰੀਬ 2 ਘੰਟੇ ਖੇਡ ਨੂੰ ਰੋਕਣਾ ਪਿਆ। ਮੈਚ 30 ਮਈ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਦੇਰ ਰਾਤ ਕਰੀਬ ਡੇਢ ਵਜੇ ਚੇਨਈ ਨੇ ਖਿਤਾਬ ਜਿੱਤ ਲਿਆ।
ਚੇਨਈ ਦੀ ਜਿੱਤ ਤੋਂ ਬਾਅਦ ਸਟੇਡੀਅਮ ‘ਚ ਮੌਜੂਦ ਪ੍ਰਸ਼ੰਸਕਾਂ ਦੀ ਖੁਸ਼ੀ ਉਨ੍ਹਾਂ ਦੇ ਹੰਝੂਆਂ ‘ਚੋਂ ਸਾਫ ਦਿਖਾਈ ਦੇ ਰਹੀ ਸੀ। ਧੋਨੀ ਵੀ ਫਾਈਨਲ ਮੈਚ ‘ਚ ਤੱਕ ਪੂਰੇ ਸੀਜ਼ਨ ਦੌਰਾਨ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਦਾ ਧੰਨਵਾਦ ਕਰਨਾ ਨਹੀਂ ਭੁੱਲੇ। ਸਵੇਰੇ ਕਰੀਬ 3 ਵਜੇ ਉਹ ਸਟੇਡੀਅਮ ‘ਚ ਮੌਜੂਦ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਲਈ ਇਕੱਲੇ ਹੀ ਨਿਕਲੇ। ਹੁਣ ਧੋਨੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਫਾਈਨਲ ਮੈਚ ‘ਚ ਜਿੱਤ ਤੋਂ ਬਾਅਦ ਆਈ.ਪੀ.ਐੱਲ. ਤੋਂ ਸੰਨਿਆਸ ਲੈਣ ਦੀਆਂ ਅਟਕਲਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਧੋਨੀ ਨੇ ਕਿਹਾ ਕਿ ਇਸ ‘ਤੇ ਫੈਸਲਾ ਕਰਨ ਲਈ ਉਨ੍ਹਾਂ ਕੋਲ ਅਜੇ ਕਾਫੀ ਸਮਾਂ ਬਚਿਆ ਹੈ। ਮੈਨੂੰ ਸੰਨਿਆਸ ਲੈ ਲੈਣਾ ਚਾਹੀਦਾ ਹੈ ਪਰ ਜਿਸ ਤਰ੍ਹਾਂ ਪ੍ਰਸ਼ੰਸਕਾਂ ਨੇ ਪੂਰੇ ਸੀਜ਼ਨ ‘ਚ ਮੈਨੂੰ ਆਪਣਾ ਪਿਆਰ ਦਿੱਤਾ ਹੈ, ਉਸ ਤੋਂ ਲੱਗਦਾ ਹੈ ਕਿ ਇੱਕ ਸੀਜ਼ਨ ਹੋਰ ਖੇਡਿਆ ਜਾਣਾ ਚਾਹੀਦਾ ਹੈ।