ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੁੱਝ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦਰਅਸਲ sgpc ਦੇ ਵੱਲੋਂ ਸ਼ਰਧਾਲੂਆਂ ਲਈ ਕੁੱਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। sgpc ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕਰ ਕਿਹਾ ਗਿਆ ਹੈ ਕਿ, ਆਪਣੇ ਸਿਰ ਨੂੰ ਚੰਗੀ ਤਰਾਂ ਕੱਪੜੇ ਦੇ ਨਾਲ ਢੱਕ ਕੇ ਪ੍ਰਕਰਮਾ ਦੇ ਵਿੱਚ ਦਾਖਿਲ ਹੋਵੋ ਇਸੇ ਲਈ ਸਾਰੇ ਪ੍ਰਵੇਸ਼ ਦੁਆਰਾਂ ਦੇ ਉੱਪਰ ਰੁਮਾਲ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਦਿਖਾਵੇ ਵਾਲੇ ਤੇ ਛੋਟੇ ਕੱਪੜੇ ਪਾਉਣ ਤੋਂ ਵੀ ਗੁਰੇਜ਼ ਕੀਤਾ ਜਾਵੇ। ਇਸ ਮਗਰੋਂ ਦੂਜਾ ਨਿਰਦੇਸ਼ ਜੋੜਿਆ ਨੂੰ ਲੈ ਕੇ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ, ਜੋੜੇ, ਜੁਰਾਬਾਂ ਉਤਾਰ ਕੇ ਜੋੜੇ ਘਰ ਵਿੱਚ ਜਮ੍ਹਾ ਕਰਵਾਓ, ਆਪਣੇ ਪੈਰ ਅਤੇ ਹੱਥ ਧੋ ਕੇ ਹੀ ਦਰਸ਼ਨ ਕਰਨ ਲਈ ਅੰਦਰ ਜਾਓ। ਇਸ ਤੋਂ ਬਾਅਦ ਕਿਹਾ ਗਿਆ ਹੈ ਕਿ ਸੇਵਾਦਾਰਾਂ ਨੂੰ ਮਰਿਆਦਾ ਬਾਰੇ ਜਾਣਕਾਰੀ ਦੇਣ ਦੀ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ ਦੀ ਮੁੱਖ ਜਿੰਮੇਵਾਰੀ ਮਰਿਆਦਾ ਨੂੰ ਲਾਗੂ ਕਰਵਾਉਣਾ ਹੈ ਇਸ ਲਈ ਉਨ੍ਹਾਂ ਦਾ ਸਹਿਯੋਗ ਕਰੋ। ਤੰਬਾਕੂ, ਬੀੜੀ-ਸਿਗਰਟ, ਸ਼ਰਾਬ ਆਦਿ ਕੋਈ ਵੀ ਨਸ਼ੀਲੀ ਚੀਜ਼ ਅੰਦਰ ਲੈ ਕੇ ਜਾਣਾ ਅਤੇ ਇਸ ਦੀ ਵਰਤੋਂ ਕਰਨਾ ਸਖ਼ਤ ਮਨ੍ਹਾ ਹੈ। ਦਰਸ਼ਨਾਂ ਲਈ ਜਾਂਦੇ ਸਮੇਂ ਨਾਲ ਲਿਜਾਏ ਜਾ ਰਹੇ ਹੱਥ ਵਾਲੇ ਬੈਗ ਵਿੱਚ ਵੀ ਕੋਈ ਨਸ਼ੀਲੀ ਵਸਤੂ ਨਾ ਹੋਵੇ। ਅਜਿਹੀਆਂ ਵਸਤੂਆਂ ਨੂੰ ਬਾਹਰ ਡੱਬੇ ਵਿੱਚ ਸੁੱਟੋ। ਭਾਵ ਅਜਿਹੀਆਂ ਵਸਤੂਆਂ ਨੂੰ ਬਾਹਰ ਰੱਖ ਕੇ ਹੀ ਮੱਥਾ ਟੇਕਣ ਆਇਆ ਜਾਵੇ।
ਤੁਸੀਂ ਇੱਥੇ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਲਈ ਆਏ ਹੋ। ਸਤਿਕਾਰ ਨਾਲ ਗੁਰਬਾਣੀ ਕੀਰਤਨ ਸਰਵਣ ਕਰੋ, ਚੁੱਪ ਦਾ ਦਾਨ ਬਖਸ਼ੋ। ਰੌਲਾ ਪਾਉਣਾ, ਬਹੁਤ ਜ਼ਿਆਦਾ ਗੱਲਾਂ ਕਰਨਾ ਜਾਂ ਕੰਪਲੈਕਸ ਦੀ ਸ਼ਾਂਤੀ ਨੂੰ ਭੰਗ ਕਰਨਾ ਸਖ਼ਤ ਮਨ੍ਹਾ ਹੈ। ਆਪਣਾ ਸਮਾਨ ਕੇਵਲ ਪ੍ਰਕਰਮਾ ਅੰਦਰ ਅਤੇ ਬਾਹਰਵਾਰ ਬਣੇ ਗੱਠੜੀ ਘਰਾਂ ਵਿੱਚ ਜਮ੍ਹਾ ਕਰਵਾਓ। ਮੋਬਾਇਲ ਫ਼ੋਨ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰੋ, ਕਿਉਂਕਿ ਇਹ ਆਲੇ ਦੁਆਲੇ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ। ਪਰਕਰਮਾ ਅੰਦਰ ਫ਼ੋਨ ਬੰਦ ਰੱਖੋ। ਪ੍ਰਬੰਧਕਾਂ ਦੀ ਇਜਾਜ਼ਤ ਤੋਂ ਬਗੈਰ ਫੋਟੋਗ੍ਰਾਫੀ ਤੇ ਵੀਡਿਓਗ੍ਰਾਫੀ ਦੀ ਸਖ਼ਤ ਮਨਾਹੀ ਹੈ।
ਪਵਿੱਤਰ ਸਰੋਵਰ ਦੇ ਦੁਆਲੇ ਬੈਠਣ ਸਮੇਂ ਸਰੋਵਰ ਦੇ ਜਲ ਵਿੱਚ ਪੈਰ ਨਾ ਲਮਕਾਓ। ਮੱਛੀਆਂ ਨੂੰ ਪ੍ਰਸ਼ਾਦ ਤੇ ਹੋਰ ਖਾਣਾ ਨਾ ਪਾਇਆ ਜਾਵੇ। ਕਿਰਪਾ ਕਰਕੇ ਸਰੋਵਰ ਦੇ ਜਲ ਫੁੱਲ, ਕਾਗਜ਼ ਜਾਂ ਕਿਸੇ ਹੋਰ ਚੀਜ਼ ਨਾਲ ਦੂਸ਼ਿਤ ਨਾ ਕਰੋ। ਉੱਥੇ ਹੀ ਇਸ ਦੌਰਾਨ ਸ਼ਰਧਾਲੂਆਂ ਨੂੰ ਆਪਣਾ ਕੀਮਤੀ ਸਮਾਨ ਫੋਨ, ਪਰਸ ਆਦਿ ਵੀ ਸੰਭਾਲ ਕੇ ਰੱਖਣ ਦੀ ਹਦਾਇਤ ਕੀਤੀ ਗਈ ਹੈ। ਪਰਕਰਮਾ ਅੰਦਰ ਮੌਜੂਦ ਇਤਿਹਾਸਕ ਬੇਰੀਆਂ, ਇਮਲੀ ਦੇ ਰੁੱਖਾਂ ਦੇ ਪੱਤੇ, ਫਲ ਤੋੜਨੇ ਅਤੇ ਕਿਸੇ ਕਿਸਮ ਦੀ ਛੇੜਛਾੜ ਕਰਨੀ ਸਖ਼ਤ ਮਨ੍ਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੀ ਸਾਰੀ ਸੰਗਤ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਵਿੱਚ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਨ ਅਤੇ ਮੁਸ਼ਕਿਲ ਆਉਣ ‘ਤੇ ਸਹਾਇਤਾ ਪ੍ਰਾਪਤ ਕਰਨ ਲਈ ਪਰਕਰਮਾ ਅੰਦਰ ਸਥਿਤ ਕਮਰਾ ਨੰ: 50 ਅਤੇ 56 ਵਿੱਚ ਸੰਪਰਕ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਹ ਸਾਰੇ ਦਿਸ਼ਾ ਨਿਰਦੇਸ਼ sgpc ਦੇ ਵੱਲੋਂ ਦੇਸ਼ ਅਤੇ ਵਿਦੇਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਜਾਰੀ ਕੀਤੇ ਗਏ ਹਨ ਤਾਂ ਕਿ ਇਸ ਦੌਰਾਨ ਗੁਰੂਘਰ ਦੀ ਮਰਿਆਦਾ ਨੂੰ ਬਣਾ ਕੇ ਰੱਖਿਆ ਜਾ ਸਕੇ।