ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੁੱਧਵਾਰ ਨੂੰ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਮਾਨਸਾ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਸੁਜਾਨ ਕੌਰ 100 ਫੀਸਦੀ ਅੰਕ ਲੈ ਕੇ ਸਟੇਟ ਟਾਪਰ ਬਣੀ। ਵਿਦਿਆਰਥਣ ਸ਼੍ਰੇਆ ਸਿੰਗਲਾ ਨੇ 99.60 ਅੰਕ ਲੈ ਕੇ ਦੂਸਰਾ ਜਦਕਿ ਨਵਪ੍ਰੀਤ ਕੌਰ 99.40 ਅੰਕ ਲੈ ਕੇ ਤੀਸਰੇ ਸਥਾਨ ਹਾਸਿਲ ਕੀਤਾ ਹੈ |ਪੰਜਾਬ ਦਾ ਸਮੁੱਚਾ ਨਤੀਜਾ 92.47 ਫੀਸਦੀ ਰਿਹਾ ਹੈ। ਨਤੀਜੇ ਅਨੁਸਾਰ 3637 ਵਿਦਿਆਰਥੀ ਫੇਲ੍ਹ ਹੋਏ ਹਨ ਜਦਕਿ 18569 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ। ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 95.47 ਹੈ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 90.14 ਹੈ। ਸਾਇੰਸ ਸਟਰੀਮ ਵਿੱਚ ਸਭ ਤੋਂ ਵੱਧ ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.68 ਰਹੀ। 12ਵੀਂ ਦੇ ਇਮਤਿਹਾਨ ਮਾਰਚ ਮਹੀਨੇ ਵਿੱਚ ਲਏ ਗਏ ਸਨ।
ਜ਼ਿਲ੍ਹਾ ਗੁਰਦਾਸਪੁਰ 96.91 ਪਾਸ ਪ੍ਰਤੀਸ਼ਤਤਾ ਨਾਲ ਪਹਿਲੇ ਸਥਾਨ ‘ਤੇ ਰਿਹਾ। ਸਾਰੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। PSEB ਨੇ ਪਹਿਲਾਂ ਹੀ ਸੂਚਿਤ ਕੀਤਾ ਸੀ ਕਿ 12ਵੀਂ ਜਮਾਤ ਦੇ ਨਤੀਜੇ 31 ਮਈ ਨੂੰ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ।