IPL 2023 ਦਾ ਐਲੀਮੀਨੇਟਰ ਮੈਚ ਅੱਜ (24 ਮਈ) ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਜਿੱਤਣ ਵਾਲੀ ਟੀਮ ਗੁਜਰਾਤ ਨਾਲ ਦੂਜਾ ਕੁਆਲੀਫਾਇਰ ਖੇਡੇਗੀ, ਜਦਕਿ ਹਾਰਨ ਵਾਲੀ ਟੀਮ ਦਾ ਟੂਰਨਾਮੈਂਟ ਦਾ ਆਖਰੀ ਮੈਚ ਹੋਵੇਗਾ। ਹੁਣ ਤੱਕ ਲਖਨਊ ਅਤੇ ਮੁੰਬਈ ਦੀਆਂ ਟੀਮਾਂ ਤਿੰਨ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਤਾਂ ਆਓ ਜਾਣਦੇ ਹਾਂ ਕਿਸ ਦਾ ਪੱਲੜਾ ਹੈ ਭਾਰੀ।
ਲਖਨਊ ਸੁਪਰ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡੇ ਗਏ ਤਿੰਨੋਂ ਮੈਚ ਲਖਨਊ ਨੇ ਜਿੱਤੇ ਹਨ। ਅਜਿਹੇ ‘ਚ ਅੱਜ ਦੇ ਮੈਚ ‘ਚ ਲਖਨਊ ਦਾ ਪੱਲੜਾ ਭਾਰੀ ਹੈ। IPL 2022 ਵਿੱਚ ਦੋਵਾਂ ਵਿਚਾਲੇ ਪਹਿਲਾ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਲਖਨਊ ਸੁਪਰ ਜਾਇੰਟਸ ਨੇ 18 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਦੂਜੇ ਪਾਸੇ ਦੋਵਾਂ ਵਿਚਾਲੇ ਦੂਜਾ ਮੁਕਾਬਲਾ 2022 ‘ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਹੋਇਆ ਸੀ, ਜਿਸ ‘ਚ ਲਖਨਊ ਦੀ ਟੀਮ 36 ਦੌੜਾਂ ਨਾਲ ਜਿੱਤੀ ਸੀ। ਇਸ ਤੋਂ ਇਲਾਵਾ IPL ਦਾ ਤੀਜਾ ਮੈਚ ਲਖਨਊ ਅਤੇ ਮੁੰਬਈ ਵਿਚਾਲੇ ਇਸ ਸੀਜ਼ਨ ‘ਚ ਏਕਾਨਾ ਕ੍ਰਿਕਟ ਸਟੇਡੀਅਮ, ਲਖਨਊ ‘ਚ ਖੇਡਿਆ ਗਿਆ, ਜਿਸ ‘ਚ ਲਖਨਊ 5 ਦੌੜਾਂ ਨਾਲ ਜਿੱਤ ਗਿਆ ਸੀ।