ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਪਹਿਲਾ ਕੁਆਲੀਫਾਇਰ ਮੈਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ। ਅੱਜ ਦੇ ਮੈਚ ‘ਚ ਜੋ ਵੀ ਟੀਮ ਜਿੱਤਣ ‘ਚ ਕਾਮਯਾਬ ਹੋਵੇਗੀ, ਉਸ ਨੂੰ 28 ਮਈ ਨੂੰ ਹੋਣ ਵਾਲੇ ਫਾਈਨਲ ਲਈ ਟਿਕਟ ਮਿਲ ਜਾਵੇਗੀ। ਹਾਲਾਂਕਿ ਹਾਰਨ ਵਾਲੀ ਟੀਮ ਨੂੰ ਵੀ ਫਾਈਨਲ ਵਿੱਚ ਥਾਂ ਬਣਾਉਣ ਦਾ ਇੱਕ ਹੋਰ ਮੌਕਾ ਮਿਲੇਗਾ। ਪਰ ਧੋਨੀ ਅਤੇ ਪਾਂਡਿਆ ਦੋਵਾਂ ਦੀ ਨਜ਼ਰ ਫਾਈਨਲ ‘ਚ ਜਗ੍ਹਾ ਪੱਕੀ ਕਰਨ ਲਈ ਅੱਜ ਦੇ ਮੈਚ ‘ਚ ਜਿੱਤ ‘ਤੇ ਹੋਵੇਗੀ।
ਜੇਕਰ ਗੁਜਰਾਤ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਾਰਦਿਕ ਪਾਂਡਿਆ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਖਰੀ ਮੈਚ ਵਿੱਚ ਆਰਸੀਬੀ ਨੂੰ ਹਰਾ ਕੇ ਗੁਜਰਾਤ ਟਾਈਟਨਸ 20 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਰਹਿਣ ਵਿੱਚ ਕਾਮਯਾਬ ਰਹੀ ਹੈ। ਧੋਨੀ ਦੀ ਟੀਮ ਹਾਲਾਂਕਿ ਸਿਰਫ 8 ਮੈਚ ਜਿੱਤ ਸਕੀ ਅਤੇ 17 ਅੰਕਾਂ ਨਾਲ ਕੁਆਲੀਫਾਇਰ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਹੀ ਹੈ।