ਭਾਰਤੀ ਰਿਜ਼ਰਵ ਬੈਂਕ (ਆਰਬੀਆਈ) 2000 ਰੁਪਏ ਦੇ ਨੋਟ ਨੂੰ ਵਾਪਿਸ ਲੈਣ ਜਾ ਰਿਹਾ ਹੈ। ਹਾਲਾਂਕਿ, ਇਹ ਕਾਨੂੰਨੀ ਟੈਂਡਰ ਰਹੇਗਾ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2000 ਰੁਪਏ ਦੇ ਨੋਟ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਆਰਬੀਆਈ ਨੇ ਦੱਸਿਆ ਕਿ 30 ਸਤੰਬਰ ਤੱਕ ਇਹ ਨੋਟ ਕਾਨੂੰਨੀ ਕਰੰਸੀ (ਸਰਕੂਲੇਸ਼ਨ) ਵਿੱਚ ਰਹਿਣਗੇ। ਯਾਨੀ ਜਿਨ੍ਹਾਂ ਕੋਲ ਫਿਲਹਾਲ 2000 ਰੁਪਏ ਦੇ ਨੋਟ ਹਨ, ਉਨ੍ਹਾਂ ਨੂੰ ਬੈਂਕ ਤੋਂ ਬਦਲਵਾਉਣੇ ਪੈਣਗੇ।
ਆਰਬੀਆਈ ਨੇ ਕਿਹਾ ਕਿ 23 ਮਈ ਤੋਂ ਤੁਸੀਂ ਇੱਕ ਵਾਰ ਵਿੱਚ ਸਿਰਫ 2,000 ਰੁਪਏ ਦੇ 20,000 ਰੁਪਏ ਤੱਕ ਦੇ ਨੋਟਾਂ ਨੂੰ ਬਦਲ ਜਾਂ ਜਮ੍ਹਾ ਕਰ ਸਕਦੇ ਹੋ। ਇਸਦੇ ਲਈ ਬੈਂਕਾਂ ਨੂੰ ਇੱਕ ਵਿਸ਼ੇਸ਼ ਵਿੰਡੋ ਖੋਲ੍ਹਣੀ ਪਏਗੀ। ਇਸ ਤੋਂ ਇਲਾਵਾ ਆਰ.ਬੀ.ਆਈ. ਵੱਲੋਂ ਨੋਟਾਂ ਨੂੰ ਬਦਲਣ ਅਤੇ ਜਮ੍ਹਾ ਕਰਵਾਉਣ ਲਈ 19 ਸ਼ਾਖਾਵਾਂ ਖੋਲ੍ਹੀਆਂ ਜਾਣਗੀਆਂ। ਆਰਬੀਆਈ ਨੇ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ 2018-19 ਵਿੱਚ ਹੀ 2000 ਰੁਪਏ ਦੇ ਨੋਟ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ।
ਨਵੰਬਰ 2016 ‘ਚ ਨੋਟਬੰਦੀ ਤੋਂ ਬਾਅਦ 2000 ਹਜ਼ਾਰ ਰੁਪਏ ਦਾ ਨੋਟ ਪੇਸ਼ ਕੀਤਾ ਗਿਆ ਸੀ। ਨੋਟਬੰਦੀ ਦੌਰਾਨ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ। ਇਸ ਦੌਰਾਨ ਸਰਕਾਰ ਨੇ ਕਿਹਾ ਸੀ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਨਕਲੀ ਨੋਟਾਂ ਦੀ ਛਪਾਈ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ‘ਤੇ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਸੀ ਕਿ ਸਰਕਾਰ ਨੇ ਇਹ ਫੈਸਲਾ ਬਿਨਾਂ ਸੋਚੇ ਸਮਝੇ ਲਿਆ ਹੈ।