ਬੀਤੀ ਰਾਤ ਵੈਲਿੰਗਟਨ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ। ਦਰਅਸਲ ਵੈਲਿੰਗਟਨ ਦੇ ਇੱਕ ਹੋਸਟਲ ਵਿੱਚ ਬੀਤੀ ਰਾਤ ਅੱਗ ਲੱਗ ਗਈ ਸੀ ਜਿਸ ਕਾਰਨ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਗਈ ਹੈ। ਮੰਗਲਵਾਰ ਦੁਪਹਿਰ ਵੇਲੇ ਮੀਡੀਆ ਨਾਲ ਗੱਲ ਕਰਦਿਆਂ, ਫੇਨਜ਼ ਦੇ ਬੁਲਾਰੇ ਬਰੂਸ ਸਟੱਬਸ ਨੇ ਕਿਹਾ ਕਿ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਪਰ ਇਮਾਰਤ ਨੂੰ ਨੁਕਸਾਨ ਹੋਣ ਦਾ ਮਤਲਬ ਹੈ ਕਿ ਫਾਇਰਫਾਈਟਰ ਹੋਸਟਲ ਦੇ ਹਰ ਖੇਤਰ ਦੀ ਖੋਜ ਕਰਨ ਵਿੱਚ ਅਸਮਰੱਥ ਸਨ। ਸਟੱਬਸ ਨੇ ਕਿਹਾ ਕਿ ਛੱਤ ਡਿੱਗਣ ਨਾਲ ਕਾਫੀ ਨੁਕਸਾਨ ਹੋਇਆ ਹੈ ਪਰ ਇਸ ਪੜਾਅ ‘ਤੇ ਅਸੀਂ ਛੇ ਲੋਕਾਂ ਨੂੰ ਲੱਭ ਲਿਆ ਹੈ। ਪੁਲਿਸ ਨੇ ਕਿਹਾ ਕਿ ਇਸ ਪੜਾਅ ‘ਤੇ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫਾਇਰ ਸੇਵਾਵਾਂ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਐਮਰਜੈਂਸੀ ਵਿਭਾਗ ਅਨੁਸਾਰ ਅੱਗ ਲੱਗਣ ਮਗਰੋਂ 52 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਸੀ ਜਦਕਿ 30 ਤੋਂ ਵਧੇਰੇ ਅਜੇ ਵੀ ਲਾਪਤਾ ਹਨ।