ਛੱਤੀਸਗੜ੍ਹ ਦੇ ਦਾਂਤੇਵਾੜਾ ਨਕਸਲੀ ਅਟੈਕ ‘ਚ ਅੱਜ ਨਕਸਲੀਆਂ ਨੇ ਵੱਡਾ ਹਮਲਾ ਕੀਤਾ ਹੈ। ਅਰਨਪੁਰ ‘ਚ ਨਕਸਲੀਆਂ ਨੇ ਆਈ.ਡੀ. ਬਲਾਸਟ ਕੀਤਾ ਹੈ। ਇਸ ਧਮਾਕੇ ‘ਚ 11 ਜਵਾਨ ਸ਼ਹੀਦ ਹੋ ਗਏ ਹਨ। ਸ਼ਹੀਦ ਜਵਾਨਾਂ ਵਿੱਚ 10 ਡੀਆਰਜੀ (ਜ਼ਿਲ੍ਹਾ ਰਿਜ਼ਰਵ ਗਾਰਡ) ਦੇ ਜਵਾਨ ਅਤੇ ਇੱਕ ਡਰਾਈਵਰ ਸ਼ਾਮਿਲ ਹੈ। ਧਮਾਕੇ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਕਸਲੀਆਂ ਨੇ ਜਵਾਨਾਂ ਦੀ ਕਾਰ ਨੂੰ ਉਡਾ ਦਿੱਤਾ ਹੈ। ਹਮਲੇ ਤੋਂ ਬਾਅਦ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ ਹੈ।
ਨਕਸਲੀਆਂ ਨੇ ਇਹ ਧਮਾਕਾ ਦਾਂਤੇਵਾੜਾ ਦੇ ਅਰਨਪੁਰ ਦੇ ਪਲਨਾਰ ਮਾਰਗ ‘ਤੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਦੰਤੇਵਾੜਾ ਦੇ ਅਰਨਪੁਰ ਇਲਾਕੇ ‘ਚ ਨਕਸਲੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਇਸ ਸੂਚਨਾ ‘ਤੇ ਦਾਂਤੇਵਾੜਾ ਤੋਂ ਡੀਆਰਜੀ ਬਲ ਨਕਸਲ ਵਿਰੋਧੀ ਮੁਹਿੰਮ ਲਈ ਅਰਨਪੁਰ ਗਏ ਸਨ। ਸਾਰੇ ਜਵਾਨ ਤਲਾਸ਼ੀ ਮੁਹਿੰਮ ਤੋਂ ਬਾਅਦ ਵਾਪਸ ਪਰਤ ਰਹੇ ਸਨ, ਜਦੋਂ ਨਕਸਲੀਆਂ ਨੇ ਆਈ.ਡੀ. ਬਲਾਸਟ ਕਰ ਦਿੱਤਾ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਂਦਰ ਬਘੇਲ ਨੇ ਨਕਸਲੀ ਹਮਲੇ ‘ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਉਹ ਸੂਬੇ ਵਿੱਚੋਂ ਨਕਸਲਵਾਦ ਨੂੰ ਖ਼ਤਮ ਕਰਕੇ ਹੀ ਦਮ ਲੈਣਗੇ। ਸੂਬੇ ‘ਚ ਨਕਸਲੀਆਂ ਖਿਲਾਫ ਲੜਾਈ ਆਖਰੀ ਪੜਾਅ ‘ਤੇ ਹੈ, ਜਲਦੀ ਹੀ ਖਤਮ ਹੋ ਜਾਵੇਗੀ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਹਮਲੇ ਸਬੰਧੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਤੋਂ ਫ਼ੋਨ ‘ਤੇ ਜਾਣਕਾਰੀ ਲਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਬਘੇਲ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।