ਪੰਜਾਬੀਆਂ ਤੇ ਸਿੱਖਾਂ ਦੇ ਲਈ ਅਮਰੀਕਾ ਤੋਂ ਇੱਕ ਵੱਡੀ ਅਤੇ ਮਾਣ ਵਧਾਉਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ ਯੂਟਾ ਅਤੇ ਮਿਸੀਸਿਪੀ ਤੋਂ ਬਾਅਦ ਹੁਣ ਵਰਜੀਨੀਆ ਅਮਰੀਕਾ ਦਾ 17ਵਾਂ ਸੂਬਾ ਬਣ ਗਿਆ ਹੈ ਜਿੱਥੋਂ ਸਕੂਲੀ ਪਾਠਕ੍ਰਮ ਯਾਨੀ ਕਿ ਸਿਲੇਬਸ ਦੇ ਵਿੱਚ ਸਿੱਖ ਧਰਮ ਨੂੰ ਸ਼ਾਮਿਲ ਕੀਤਾ ਗਿਆ ਹੈ। ਵਰਜੀਨੀਆ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਵੀਰਵਾਰ ਨੂੰ ਸਿੱਖਣ ਦੇ ਨਵੇਂ ਇਤਿਹਾਸ ਅਤੇ ਸਮਾਜਿਕ ਵਿਗਿਆਨ ਮਿਆਰਾਂ ਦੇ ਹੱਕ ਵਿੱਚ ਵੋਟ ਦਿੱਤੀ, ਜਿਸ ਵਿੱਚ ਪਹਿਲੀ ਵਾਰ ਸਿੱਖ ਧਰਮ ਸ਼ਾਮਿਲ ਹੈ। ਅਮਰੀਕਾ ਦੇ ਵਰਜੀਨੀਆ ਵਿੱਚ 10 ਲੱਖ ਤੋਂ ਵੱਧ ਵਿਦਿਆਰਥੀ ਹੁਣ ਆਪਣੇ ਸਕੂਲ ਦੀਆਂ ਪਾਠ ਪੁਸਤਕਾਂ ਵਿੱਚੋਂ ਸਿੱਖ ਧਰਮ ਬਾਰੇ ਜਾਣਕਾਰੀ ਹਾਸਿਲ ਕਰ ਸਕਣਗੇ।
ਇਸ ਤੋਂ ਪਹਿਲਾਂ, ਯੂਟਾ ਅਤੇ ਮਿਸੀਸਿਪੀ ਅਮਰੀਕਾ ਦੇ 15ਵੇਂ ਅਤੇ 16ਵੇਂ ਰਾਜ ਬਣੇ ਸਨ ਜਿਨ੍ਹਾਂ ਨੇ ਆਪਣੇ ਸਮਾਜਿਕ ਅਧਿਐਨ ਪਾਠਕ੍ਰਮ ਵਿੱਚ ਸਿੱਖ ਧਰਮ, ਸਿੱਖ ਅਭਿਆਸਾਂ ਅਤੇ ਪਰੰਪਰਾਵਾਂ ਬਾਰੇ ਜਾਣਕਾਰੀ ਸ਼ਾਮਿਲ ਕੀਤੀ ਹੈ।