ਸਾਲ 2012 ‘ਚ ਅਭਿਸ਼ੇਕ ਬੱਚਨ ਦੀ ਇੱਕ ਫਿਲਮ ‘ਪਲੇਅਰਸ’ ਆਈ ਸੀ। ਇਸ ਫਿਲਮ ਵਿੱਚ, ਤਿੱਖੇ ਦਿਮਾਗ ਅਤੇ ਅਚਨਚੇਤ ਯੋਜਨਾ ਵਾਲੇ ਚੋਰਾਂ ਦਾ ਇੱਕ ਸਮੂਹ ਭਾਰੀ ਸੁਰੱਖਿਆ ਦੇ ਵਿਚਕਾਰ ਚੱਲਦੀ ਰੇਲਗੱਡੀ ਵਿੱਚੋਂ ਅਰਬਾਂ ਰੁਪਏ ਦਾ ਸੋਨਾ ਗਾਇਬ ਕਰਕੇ ਫ਼ਰਾਰ ਹੋ ਜਾਂਦਾ ਹੈ। ਵੈਸੇ ਤਾਂ ਇਹ ਇੱਕ ਫਿਲਮ ਦੀ ਗੱਲ ਹੈ ਪਰ ਕੈਨੇਡਾ ਵਿੱਚ ਸੱਚਮੁੱਚ ਅਜਿਹਾ ਹੀ ਕੁੱਝ ਵਾਪਰਿਆ ਹੈ। ਇੱਥੇ ਚੋਰਾਂ ਦੇ ਇੱਕ ਗਿਰੋਹ ਨੇ ਬੜੀ ਚਲਾਕੀ ਨਾਲ ਸੋਨੇ ਨਾਲ ਭਰਿਆ ਇੱਕ ਕੰਟੇਨਰ ਚੋਰੀ ਕਰ ਲਿਆ। ਇਸ ਕੰਟੇਨਰ ਵਿੱਚ ਇੱਕ-ਦੋ ਕਰੋੜ ਦਾ ਨਹੀਂ ਸਗੋਂ 121 ਕਰੋੜ ਦਾ ਸੋਨਾ ਸੀ।
ਕਹਾਣੀ ਤਿੰਨ ਦਿਨ ਪੁਰਾਣੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਦੀ ਨੀਂਦ ਹਰਾਮ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ 17 ਅਪ੍ਰੈਲ ਦੀ ਰਾਤ ਨੂੰ ਇੱਕ ਕੰਟੇਨਰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚਿਆ ਸੀ। ਇਸ ਕੰਟੇਨਰ ਵਿੱਚ 121 ਕਰੋੜ ਦੇ ਸੋਨੇ ਤੋਂ ਇਲਾਵਾ ਬਹੁਤ ਕੀਮਤੀ ਸਾਮਾਨ ਵੀ ਸੀ। ਇਸ ਕੰਟੇਨਰ ਨੂੰ ਬਾਅਦ ਵਿੱਚ ਹਵਾਈ ਅੱਡੇ ਦੀ ਕੰਟੇਨਰ ਸਹੂਲਤ (ਜਿੱਥੇ ਸਾਰੇ ਕੰਟੇਨਰ ਰੱਖੇ ਜਾਂਦੇ ਹਨ) ਵਿੱਚ ਤਬਦੀਲ ਕਰ ਦਿੱਤਾ ਗਿਆ। 20 ਅਪ੍ਰੈਲ ਨੂੰ ਪਤਾ ਲੱਗਾ ਕਿ ਸਾਰਾ ਕੰਟੇਨਰ ਚੋਰੀ ਹੋ ਗਿਆ ਸੀ।
ਤਿੰਨ ਦਿਨ ਬਾਅਦ ਵੀ ਪੁਲਿਸ ਖਾਲੀ ਹੱਥ
ਵੱਡੀ ਗੱਲ ਇਹ ਹੈ ਕਿ ਕੰਟੇਨਰ ਚੋਰੀ ਹੋਏ ਤਿੰਨ ਦਿਨ ਬੀਤ ਚੁੱਕੇ ਹਨ ਪਰ ਪੁਲਿਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਲੱਭਿਆ ਹੈ। ਇਲਾਕੇ ਦੇ ਪੁਲਿਸ ਇੰਸਪੈਕਟਰ ਸਟੀਫਨ ਡੂਵੈਸਟਨ ਨੇ ‘ਟੋਰਾਂਟੋ ਸਟਾਰ’ ਅਖਬਾਰ ਨੂੰ ਦੱਸਿਆ ਕਿ ਕੰਟੇਨਰ ਨੂੰ ਇੱਕ ਜਹਾਜ਼ ਤੋਂ ਉਤਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕੰਟੇਨਰ ਦੀ ਇਹ ਲੁੱਟ ਬਹੁਤ ਘੱਟ ਹੁੰਦੀ ਹੈ। ਅਸੀਂ ਹਰ ਕੋਣ ਤੋਂ ਜਾਂਚ ਕਰ ਰਹੇ ਹਾਂ ਕਿ ਇਹ ਕੰਟੇਨਰ ਕਿਵੇਂ ਚੋਰੀ ਹੋਇਆ। ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਦੱਸ ਦੇਈਏ ਕਿ ਪੁਲਿਸ ਨੂੰ ਇਸ ਚੋਰੀ ਵਿੱਚ ਕਿਸੇ ਵਿਦੇਸ਼ੀ ਗੈਂਗ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕੰਟੇਨਰ ਕਿਸ ਕੰਪਨੀ ਦਾ ਸੀ ਅਤੇ ਕਿਸ ਜਹਾਜ਼ ਰਾਹੀਂ ਕੈਨੇਡਾ ਆਇਆ ਸੀ।