ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪਾਂਡਿਆ ਨਾਲ ਅਚਾਨਕ ਅਜਿਹਾ ਕੀ ਹੋ ਗਿਆ, ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਟਾਸ ਤੋਂ ਬਾਅਦ ਹਰ ਕਿਸੇ ਦੇ ਦਿਮਾਗ ‘ਚ ਇਹ ਸਵਾਲ ਚੱਲ ਰਿਹਾ ਹੈ। ਆਈਪੀਐਲ ਦੇ 13ਵੇਂ ਮੈਚ ਵਿੱਚ ਗੁਜਰਾਤ ਅਤੇ ਕੇਕੇਆਰ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਟਾਸ ਲਈ ਕੇਕੇਆਰ ਵੱਲੋਂ ਨਿਤੀਸ਼ ਰਾਣਾ ਆਏ ਸਨ, ਪਰ ਹਾਰਦਿਕ ਪਾਂਡਿਆ ਦੀ ਥਾਂ ਗੁਜਰਾਤ ਵੱਲੋਂ ਰਾਸ਼ਿਦ ਖਾਨ ਆਏ ਸਨ। ਪਾਂਡਿਆ ਦੀ ਥਾਂ ਰਾਸ਼ਿਦ ਨੂੰ ਕਪਤਾਨੀ ਕਰਦੇ ਦੇਖ ਹਰ ਕੋਈ ਹੈਰਾਨ ਰਹਿ ਗਿਆ। ਟਾਸ ਜਿੱਤਣ ਤੋਂ ਬਾਅਦ ਰਾਸ਼ਿਦ ਨੇ ਪਾਂਡਿਆ ਦੇ ਨਾ ਖੇਡਣ ਦਾ ਕਾਰਨ ਵੀ ਦੱਸਿਆ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਾਸ਼ਿਦ ਨੇ ਫਿਰ ਦੱਸਿਆ ਕਿ ਉਨ੍ਹਾਂ ਨੂੰ ਜਲਦਬਾਜ਼ੀ ‘ਚ ਕਪਤਾਨੀ ਕਿਉਂ ਸੰਭਾਲਣੀ ਪਈ।
ਰਾਸ਼ਿਦ ਨੇ ਦੱਸਿਆ ਕਿ ਪਾਂਡਿਆ ਬੀਮਾਰ ਹਨ ਅਤੇ ਉਹ ਕੋਈ ਜੋਖਮ ਨਹੀਂ ਲੈਣਾ ਚਾਹੁੰਦੇ ਸਨ। ਮੈਨੇਜਮੈਂਟ ਵੀ ਵੱਡੇ ਟੂਰਨਾਮੈਂਟ ‘ਚ ਪਾਂਡਿਆ ਦੀ ਫਿਟਨੈੱਸ ਨੂੰ ਖਤਰੇ ‘ਚ ਨਹੀਂ ਪਾਉਣਾ ਚਾਹੁੰਦਾ ਸੀ। ਪਾਂਡਿਆ ਦੀ ਥਾਂ ਵਿਜੇ ਸ਼ੰਕਰ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਿਲ ਕੀਤਾ ਗਿਆ। ਇਹ ਦੂਜੀ ਵਾਰ ਹੈ ਜਦੋਂ ਹਾਰਦਿਕ ਪਾਂਡਿਆ ਗੁਜਰਾਤ ਦੇ ਕਿਸੇ ਮੈਚ ਤੋਂ ਬਾਹਰ ਹੋਏ ਹਨ। ਪਿਛਲੇ ਸਾਲ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਵੀ ਪਾਂਡਿਆ ਗੁਜਰਾਤ ਲਈ ਨਹੀਂ ਖੇਡ ਸਕੇ ਸਨ ਅਤੇ ਉਨ੍ਹਾਂ ਦੀ ਜਗ੍ਹਾ ਰਾਸ਼ਿਦ ਨੇ ਕਪਤਾਨੀ ਕੀਤੀ ਸੀ। ਰਾਸ਼ਿਦ ਨੇ ਨਾ ਸਿਰਫ ਕਪਤਾਨੀ ਕੀਤੀ ਸਗੋਂ ਚੇਨਈ ਦੇ ਮੂੰਹ ‘ਚੋਂ ਜਿੱਤ ਵੀ ਖੋਹ ਲਈ ਸੀ। ਉਸ ਮੈਚ ‘ਚ ਰਾਸ਼ਿਦ ਨੇ 21 ਗੇਂਦਾਂ ‘ਚ 40 ਦੌੜਾਂ ਬਣਾ ਕੇ ਟੀਮ ਨੂੰ ਇੱਕ ਗੇਂਦ ਪਹਿਲਾਂ 3 ਵਿਕਟਾਂ ਨਾਲ ਜਿੱਤ ਦਿਵਾਈ ਸੀ। ਪਿਛਲੇ ਸੀਜ਼ਨ ਵਿੱਚ, ਗੁਜਰਾਤ ਨੇ ਆਈਪੀਐਲ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਪਹਿਲੇ ਸੀਜ਼ਨ ਵਿੱਚ ਵੀ ਚੈਂਪੀਅਨ ਬਣੀ ਸੀ। ਇਸ ਸੀਜ਼ਨ ਵਿਚ ਵੀ ਉਸ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤੇ ਹਨ।