ਫਿਨਲੈਂਡ ਮੰਗਲਵਾਰ ਨੂੰ ਅਧਿਕਾਰਤ ਤੌਰ ‘ਤੇ ਨਾਟੋ ਵਿੱਚ ਸ਼ਾਮਿਲ ਹੋ ਗਿਆ ਹੈ। ਫਿਨਲੈਂਡ ਦੇ ਸ਼ਾਮਿਲ ਹੁੰਦੇ ਹੀ ਨਾਟੋ 31 ਦੇਸ਼ਾਂ ਦਾ ਸਮੂਹ ਬਣ ਗਿਆ। ਫਿਨਲੈਂਡ ਨਾਟੋ ਵਿੱਚ ਸ਼ਾਮਿਲ ਹੋਣ ਵਾਲਾ 31ਵਾਂ ਦੇਸ਼ ਹੈ। ਪਹਿਲਾਂ ਨਾਟੋ 30 ਦੇਸ਼ਾਂ ਦਾ ਸਮੂਹ ਸੀ। ਫਿਨਲੈਂਡ ਦੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਅਧਿਕਾਰਤ ਦਸਤਾਵੇਜ਼ ‘ਤੇ ਦਸਤਖਤ ਕੀਤੇ। ਫਿਨਲੈਂਡ ਦੇ ਰਾਸ਼ਟਰਪਤੀ ਸਾਉਲੀ ਨਿਨਿਸਤੋ ਨੇ ਇਸ ਦਿਨ ਨੂੰ ਇਤਿਹਾਸਕ ਦੱਸਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਫਿਨਲੈਂਡ ਲਈ ਇਤਿਹਾਸਕ ਦਿਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦਿਨ ਨੂੰ ਨਾਟੋ ਲਈ ਵੀ ਖਾਸ ਦੱਸਿਆ। ਉਨ੍ਹਾਂ ਕਿਹਾ ਕਿ ਅਸੀਂ ਨਾਟੋ ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਹਾਸਿਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਵਾਂਗੇ। ਨਾਟੋ ਵਿੱਚ ਸਾਡੀ ਮੈਂਬਰਸ਼ਿਪ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਅਤੇ ਅਸੀਂ ਹਮੇਸ਼ਾ ਸ਼ਾਂਤੀਪੂਰਨ ਢੰਗਾਂ ਰਾਹੀਂ ਵਿਵਾਦਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਰਾਸ਼ਟਰਪਤੀ ਸਾਉਲੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਇਹ ਦੱਸਣ ਦੀ ਇਜਾਜ਼ਤ ਨਹੀਂ ਦੇਵਾਂਗੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਉੱਤਰੀ ਮੈਸੇਡੋਨੀਆ (2020) ਫਿਨਲੈਂਡ ਤੋਂ ਪਹਿਲਾਂ ਨਾਟੋ ਵਿੱਚ ਸ਼ਾਮਿਲ ਹੋਇਆ ਸੀ। ਦੂਜੇ ਪਾਸੇ ਫਿਨਲੈਂਡ ਦੀ ਮੈਂਬਰਸ਼ਿਪ ‘ਤੇ ਨਾਟੋ ਦੇ ਮੁਖੀ ਜੇਂਸ ਸਟੋਲਟਨਬਰਗ ਨੇ ਕਿਹਾ ਕਿ ਨਾਟੋ ‘ਚ ਫਿਨਲੈਂਡ ਦੇ ਦਾਖਲੇ ਨਾਲ ਸਾਡੀ ਤਾਕਤ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਰੂਸ ਨਾਲ ਨਾਟੋ ਦੀ ਸਰਹੱਦ ਹੁਣ ਦੁੱਗਣੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਹਫ਼ਤਾ ਨਾਟੋ ਦੇ ਇਤਿਹਾਸ ਵਿੱਚ ਇਤਿਹਾਸਕ ਹੈ। ਨਾਟੋ ਮੁਖੀ ਨੇ ਕਿਹਾ ਕਿ ਬ੍ਰਸੇਲਜ਼ ਹੈੱਡਕੁਆਰਟਰ ‘ਤੇ ਫਿਨਲੈਂਡ ਦਾ ਝੰਡਾ ਲਹਿਰਾਇਆ ਜਾਵੇਗਾ। ਦੱਸ ਦੇਈਏ ਕਿ ਫਿਨਲੈਂਡ ਨੇ ਪਿਛਲੇ ਸਾਲ ਇਸ ਲਈ ਅਪਲਾਈ ਕੀਤਾ ਸੀ।
ਇਸ ਦੇ ਨਾਲ ਹੀ ਰੂਸ ਨੇ ਨਾਟੋ ਦੀ ਮੈਂਬਰਸ਼ਿਪ ਵਿਚਾਲੇ ਫਿਨਲੈਂਡ ਨੂੰ ਧਮਕੀ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਫਿਨਲੈਂਡ ਨੂੰ ਸਰਹੱਦ ‘ਤੇ ਫੌਜਾਂ ਦੀ ਤਾਇਨਾਤੀ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਨਲੈਂਡ ਪੱਛਮੀ ਦੇਸ਼ਾਂ ਦਾ ਫੌਜੀ ਅੱਡਾ ਬਣਿਆ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ। ਪੁਤਿਨ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਰੂਸ ਵੀ ਸਰਹੱਦ ‘ਤੇ ਆਪਣੀ ਫੌਜ ਤਾਇਨਾਤ ਕਰੇਗਾ। ਅਜਿਹੇ ‘ਚ ਫਿਰ ਤੋਂ ਤਣਾਅ ਪੈਦਾ ਹੋਣਾ ਤੈਅ ਹੈ।