ਸਵੀਟੀ ਬੂਰਾ ਨੇ ਸ਼ਨੀਵਾਰ ਨੂੰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਭਾਰਤ ਨੂੰ ਦੂਜਾ ਸੋਨ ਤਮਗਾ ਦਿਵਾਇਆ ਹੈ। ਉਨ੍ਹਾਂ ਨੇ 81 ਕਿਲੋਗ੍ਰਾਮ ਵਰਗ ਵਿੱਚ ਚੀਨ ਦੀ ਵਾਂਗ ਲਿਨ ਨੂੰ 4-3 ਦੇ ਫਰਕ ਨਾਲ ਹਰਾ ਕੇ ਤਮਗਾ ਜਿੱਤਿਆ ਹੈ। ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਦੂਜਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਨੀਤੂ ਘਾਂਘਸ ਨੇ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ। ਸਵੀਟੀ ਨੇ 2014 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਨੌ ਸਾਲਾਂ ਬਾਅਦ ਉਹ ਆਪਣੇ ਤਗ਼ਮੇ ਦਾ ਰੰਗ ਬਦਲਣ ਵਿੱਚ ਕਾਮਯਾਬ ਰਹੀ ਹੈ।
ਸਵੀਟੀ ਨੇ 2014 ‘ਚ ਦੱਖਣੀ ਕੋਰੀਆ ‘ਚ ਖੇਡੀ ਗਈ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਕਦਮ ਰੱਖਿਆ ਸੀ ਪਰ ਉਸ ਨੂੰ ਚੀਨ ਦੀ ਯਾਂਗ ਸ਼ਿਆਓਲੀ ਨੇ ਹਰਾਇਆ ਸੀ। ਸਵੀਟੀ ਨੇ 9 ਸਾਲ ਬਾਅਦ ਚੀਨ ਦੀ ਮੁੱਕੇਬਾਜ਼ ਨੂੰ ਹਰਾ ਕੇ ਹੀ ਸੋਨ ਤਮਗਾ ਜਿੱਤਿਆ। ਪੰਜ ਜੱਜਾਂ ਦੇ ਫੈਸਲੇ ਨੂੰ ਸਮੀਖਿਆ ਟੀਮ ਨੂੰ ਭੇਜਿਆ ਗਿਆ ਸੀ, ਜਿਸ ਵਿੱਚ ਇੱਕ ਨਿਗਰਾਨ ਅਤੇ ਇੱਕ ਸੁਪਰਵਾਈਜ਼ਰ ਸ਼ਾਮਿਲ ਹੈ। ਦੋਵਾਂ ਨੇ ਦੋਵਾਂ ਮੁੱਕੇਬਾਜ਼ਾਂ ਨੂੰ ਇੱਕ-ਇੱਕ ਅੰਕ ਦਿੱਤਾ ਅਤੇ ਨਤੀਜਾ ਭਾਰਤੀ ਮੁੱਕੇਬਾਜ਼ ਦੇ ਹੱਕ ਵਿੱਚ ਰਿਹਾ।