ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਮੰਗਲਵਾਰ ਨੂੰ ਪਹਿਲੀ ਵਾਰ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ, ਇਸ ਦੌਰਾਨ ਦੋਵਾਂ ਦੇਸ਼ਾ ਦੇ ਪ੍ਰਧਾਨ ਮੰਤਰੀਆਂ ਦੇ ਵੱਲੋਂ “ਸਾਂਝੀਆਂ ਤਰਜੀਹਾਂ” ‘ਤੇ ਚਰਚਾ ਕੀਤੀ ਗਈ ਹੈ। ਹਿਪਕਿਨਜ਼ ਦੇ ਬੁਲਾਰੇ ਨੇ ਕਿਹਾ ਕਿ ਇਸ ਕਾਲ ਨੇ ਦੋਵਾਂ ਦੇਸ਼ਾਂ ਦਰਮਿਆਨ “ਗੂੜ੍ਹੀ ਦੋਸਤੀ ਦੀ ਪੁਸ਼ਟੀ” ਕੀਤੀ ਹੈ, ਜੋ “ਸਾਂਝੇ ਹਿੱਤਾਂ ਅਤੇ ਕਦਰਾਂ ਕੀਮਤਾਂ” ‘ਤੇ ਅਧਾਰਿਤ ਹੈ। ਚੱਕਰਵਾਤ ਗੈਬਰੀਏਲ ਦੇ ਕਾਰਨ ਕਾਲ ਨੂੰ ਇਸ ਮਹੀਨੇ ਦੇ ਸ਼ੁਰੂ ਤੋਂ ਮੁੜ ਤਹਿ ਕੀਤਾ ਗਿਆ ਸੀ।
ਫੋਨ ਤੇ ਗੱਲਬਾਤ ਦੌਰਾਨ ਪ੍ਰਧਾਨ ਮੰਤਰੀਆਂ ਨੇ ਘਰੇਲੂ ਮੁੱਦਿਆਂ ਦੇ ਪ੍ਰਬੰਧਨ, ਇੱਕ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਨੂੰ ਕਾਇਮ ਰੱਖਣ, ਜਲਵਾਯੂ ਤਬਦੀਲੀ, ਕ੍ਰਾਈਸਟਚਰਚ ਕਾਲ, ਵਿਆਪਕ ਅਤੇ ਪ੍ਰਗਤੀਸ਼ੀਲ ਟਰਾਂਸ-ਪੈਸੀਫਿਕ ਪਾਰਟਨਰਸ਼ਿਪ – ਯੂਕੇ ਦੇ ਰਲੇਵੇਂ ਸਮੇਤ ਕਈ ਸਾਂਝੀਆਂ ਤਰਜੀਹਾਂ ‘ਤੇ ਚਰਚਾ ਕੀਤੀ ਹੈ। ਬੁਲਾਰੇ ਨੇ ਕਿਹਾ, “ਉਨ੍ਹਾਂ ਨੇ ਯੂਕਰੇਨ ਵਿੱਚ ਰੂਸ ਦੀ ਚੱਲ ਰਹੀ ਗੈਰ-ਕਾਨੂੰਨੀ ਯੁੱਧ ਬਾਰੇ ਵੀ ਗੱਲ ਕੀਤੀ, ਅਤੇ ਯੂਕਰੇਨ ਦੀ ਸਵੈ-ਰੱਖਿਆ ਲਈ ਆਪਣੇ-ਆਪਣੇ ਦੇਸ਼ਾਂ ਦੇ ਜਾਰੀ ਸਮਰਥਨ ਬਾਰੇ ਚਰਚਾ ਕੀਤੀ।” ਬੁਲਾਰੇ ਨੇ ਕਿਹਾ ਕਿ ਹਿਪਕਿਨਜ਼ ਅਤੇ ਟਰੂਡੋ ਨਜ਼ਦੀਕੀ ਸੰਪਰਕ ਵਿੱਚ ਰਹਿਣ ਅਤੇ “ਨਿਊਜ਼ੀਲੈਂਡ ਅਤੇ ਕੈਨੇਡਾ ਦਰਮਿਆਨ ਮਜ਼ਬੂਤ ਸਾਂਝੇਦਾਰੀ ਨੂੰ ਜਾਰੀ ਰੱਖਣ” ਲਈ ਸਹਿਮਤ ਹੋਏ ਹਨ।