ਸਾਊਥ ਦੇ ਸੁਪਰਸਟਾਰ ਰਜਨੀਕਾਂਤ ਅਤੇ ਨਿਰਮਾਤਾ ਦੀ ਧੀ ਐਸ਼ਵਰਿਆ ਰਜਨੀਕਾਂਤ ਦੇ ਗਹਿਣੇ ਚੋਰੀ ਹੋ ਗਏ ਹਨ। ਕੀਮਤੀ ਗਹਿਣਿਆਂ ਦੀ ਕੀਮਤ ਲੱਖਾਂ ‘ਚ ਦੱਸੀ ਜਾ ਰਹੀ ਹੈ। ਚੋਰੀ ਹੋਏ ਗਹਿਣਿਆਂ ਵਿੱਚ ਹੀਰੇ ਅਤੇ ਸੋਨੇ ਦੇ ਗਹਿਣੇ ਸ਼ਾਮਿਲ ਹਨ। ਇਸ ਮਾਮਲੇ ‘ਚ ਐਸ਼ਵਰਿਆ ਨੇ ਤਿਨਮੁਪੇਟ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਐਸ਼ਵਰਿਆ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਚੇਨਈ ‘ਚ ਉਸ ਦੇ ਘਰ ਤੋਂ ਹੀਰੇ ਅਤੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਹਨ। ਜਿਨ੍ਹਾਂ ਦੀ ਕੀਮਤ ਕਰੀਬ 3.60 ਲੱਖ ਰੁਪਏ ਹੈ।
ਐਸ਼ਵਰਿਆ ਨੇ ਦੱਸਿਆ ਕਿ ਚੋਰੀ ਹੋਏ ਗਹਿਣਿਆਂ ‘ਚ ਹੀਰਿਆਂ ਦਾ ਸੈੱਟ, ਪੁਰਾਣੇ ਸੋਨੇ ਦੇ ਗਹਿਣੇ, ਨਵਰਤਨ ਸੈੱਟ, ਹਾਰ ਅਤੇ ਚੂੜੀਆਂ ਸ਼ਾਮਿਲ ਹਨ। ਐਸ਼ਵਰਿਆ ਨੇ ਇਨ੍ਹਾਂ ਗਹਿਣਿਆਂ ਦੀ ਵਰਤੋਂ ਆਖਰੀ ਵਾਰ ਸਾਲ 2019 ‘ਚ ਆਪਣੀ ਭੈਣ ਸੌਂਦਰਿਆ ਦੇ ਵਿਆਹ ‘ਚ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਗਹਿਣੇ ਲਾਕਰ ਵਿੱਚ ਰੱਖ ਲਏ ਸਨ। ਜਦੋਂ ਉਸ ਨੇ 10 ਫਰਵਰੀ ਨੂੰ ਲਾਕਰ ਖੋਲ੍ਹਿਆ ਤਾਂ ਉਸ ਵਿੱਚੋਂ ਇਹ ਗਹਿਣੇ ਗਾਇਬ ਸਨ। ਐਫਆਈਆਰ ਦੀ ਕਾਪੀ ਮੁਤਾਬਿਕ ਐਸ਼ਵਰਿਆ ਨੇ ਇਹ ਗਹਿਣੇ ਆਪਣੇ ਲਾਕਰ ਵਿੱਚ ਰੱਖੇ ਸਨ ਅਤੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਸੀ। ਐਸ਼ਵਰਿਆ ਨੇ ਘਰੇਲੂ ਕੰਮ ਕਰਨ ਵਾਲੇ 3 ਲੋਕਾਂ ‘ਤੇ ਚੋਰੀ ਦਾ ਸ਼ੱਕ ਜਤਾਇਆ ਹੈ।