ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ ਵਿਚਕਾਰ ਵਿਵਾਦ ਕਾਫੀ ਸਮੇਂ ਤੱਕ ਚਰਚਾ ਦਾ ਵਿਸ਼ਾ ਰਹੇ ਸੀ। ਜ਼ਿਕਰਯੋਗ ਹੈ ਕਿ ਦੋਵੇਂ ਗਾਇਕ ਆਪਣੇ ਗੀਤਾਂ ਰਾਹੀਂ ਇੱਕ ਦੂਜੇ ਨੂੰ ਜਵਾਬ ਦਿੰਦੇ ਰਹੇ ਸਨ। ਪਰ ਹੁਣ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਰਨ ਔਜਲਾ ਪਹਿਲੀ ਵਾਰ ਇਸ ਮਾਮਲੇ ‘ਤੇ ਖੁੱਲ੍ਹ ਕੇ ਬੋਲਿਆ ਹੈ ਅਤੇ ਕਿਹਾ ਹੈ ਕਿ ਇਹ ਸਭ ਨਹੀਂ ਹੋਣਾ ਚਾਹੀਦਾ ਸੀ। ਕਰਨ ਔਜਲਾ ਨੇ ਹੁਣ ਇੱਕ ਇੰਟਰਵਿਊ ਦੌਰਾਨ ਸਿੱਧੂ ਮੂਸੇਵਾਲਾ ਨਾਲ ਹੋਏ ਵਿਵਾਦਾਂ ਬਾਰੇ ਗੱਲਬਾਤ ਕੀਤੀ ਹੈ। ਕਰਨ ਨੇ ਕਿਹਾ ਕਿ ਹੁਣ ਮਹਿਸੂਸ ਹੋ ਰਿਹਾ ਹੈ ਕਿ ਇਹ ਸਭ ਕਰਨ ਦੀ ਕੋਈ ਲੋੜ ਨਹੀਂ ਸੀ। ਇਸ ਤੋਂ ਅੱਗੇ ਬੋਲਦਿਆਂ ਕਰਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਤੇ ਉਸਦੇ ਪਰਿਵਾਰ ਨਾਲ ਜੋ ਹੋਇਆ ਹੈ ਉਸ ਨੇ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਹੀ ਬਦਲ ਦਿੱਤਾ ਹੈ। ਉੱਥੇ ਹੀ ਸਿੱਧੂ ਦੇ 29 ਮਈ ਨੂੰ ਹੋਏ ਕਤਲ ਤੋਂ ਬਾਅਦ ਕਰਨ ਨੇ ਮੂਸੇਵਾਲਾ ਦੇ ਪਿਤਾ ਨੂੰ ਕੀਤੇ ਫੋਨ ਦਾ ਵੀ ਜ਼ਿਕਰ ਕੀਤਾ ਹੈ ਕਰਨ ਨੇ ਕਿਹਾ ਕਿ ਉਨ੍ਹਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਸੀ। ਮੈਂ ਉਸ ਸਮੇਂ ਉੱਥੇ ਨਾ ਹੋਣ ਲਈ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਜਿੱਥੇ ਵੀ ਸਿੱਧੂ ਦੇ ਮਾਪਿਆਂ ਨੂੰ ਮੇਰੀ ਲੋੜ ਹੈ ਮੈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ।
ਇਸ ਦੌਰਾਨ ਕਰਨ ਨੇ ਸਿੱਧੂ ਦੇ ਨਾਲ ਹੋਏ ਵਿਵਾਦ ਬਾਰੇ ਵੀ ਇੱਕ ਵੱਡਾ ਖੁਲਾਸਾ ਕੀਤਾ। ਕਰਨ ਨੇ ਦੱਸਿਆ ਕਿ ਸਿੱਧੂ ਦੀ ਮੌਤ ਤੋਂ ਪਹਿਲਾਂ ਮੈ ਸਿੱਧੂ ਨਾਲ ਫੋਨ ‘ਤੇ ਸਾਰੀ ਗੱਲਬਾਤ ਸਾਫ ਕਰ ਲਈ ਸੀ। ਇਸ ਦੌਰਾਨ ਸਿੱਧੂ ਨੇ ਇਹ ਵੀ ਕਿਹਾ ਸੀ ਕਿ ਕੁੱਝ ਲੋਕ ਦੋਵਾਂ ਵਿਚਕਾਰ ਪਵਾੜਾ ਪਾ ਰਹੇ ਹਨ। ਕਰਨ ਦੇ ਦੱਸਿਆ ਕਿ ਅੱਜ ਤੱਕ ਇਸ ਬਾਰੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਛੱਡ ਕੇ ਕਿਸੇ ਨੂੰ ਵੀ ਨਹੀਂ ਪਤਾ। ਕਰਨ ਨੇ ਕਿਹਾ ਕਿ ਇਸ ਤੋਂ ਬਾਅਦ ਸਾਡੇ ਵਿਚਕਾਰ ਸਭ ਕੁਝ ਠੀਕ ਚੱਲ ਰਿਹਾ ਸੀ। ਜ਼ਿਕਰਯੋਗ ਹੈ ਦੋਵੇਂ ਗਾਇਕ ਪਹਿਲਾ ਇਕੱਠੇ ਸਨ ਪਰ ਫਿਰ ਕਿਸੇ ਵਿਵਾਦ ਕਾਰਨ ਦੋਵੇ ਅਲਗ ਹੋ ਗਏ ਸਨ ਅਤੇ ਆਪਣੇ ਗੀਤਾਂ ਰਾਹੀਂ ਇੱਕ-ਦੂਜੇ ‘ਤੇ ਬਿਨਾਂ ਨਾਮ ਲਏ ਨਿਸ਼ਾਨਾ ਸਾਧਦੇ ਸਨ ਪਰ ਹੁਣ ਸਿੱਧੂ ਦੀ ਮੌਤ ਤੋਂ ਬਾਅਦ ਕਰਨ ਨੇ ਇਸ ਵਿਵਾਦ ਬਾਰੇ ਸਾਰੀ ਗੱਲ ਸਾਫ ਕਰ ਦਿੱਤੀ ਹੈ। ਕਰਨ ਦਾ ਇਹ ਬਿਆਨ ਹੁਣ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।