ਕੈਨੇਡਾ ‘ਚ ਵੱਸਦੇ 10 ਲੱਖ ਪੰਜਾਬੀ ਮੂਲ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ। ਅੰਮ੍ਰਿਤਸਰ ਤੋਂ ਕੈਨੇਡਾ ਲਈ ਉਡਾਣ 6 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਇਹ ਉਡਾਣ ਇਟਾਲੀਅਨ ਨਿਓਸ ਏਅਰਲਾਈਨਜ਼ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਮਿਲਾਨ ਹਵਾਈ ਅੱਡੇ ‘ਤੇ ਰੁਕ ਕੇ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਲਈ ਰਵਾਨਾ ਹੋਵੇਗੀ। ਜਾਣਕਾਰੀ ਮੁਤਾਬਿਕ ਇਹ ਏਅਰਲਾਈਨ ਅੰਮ੍ਰਿਤਸਰ ਤੋਂ ਹਰ ਵੀਰਵਾਰ ਸਵੇਰੇ 3.15 ਵਜੇ ਰਵਾਨਾ ਹੋਵੇਗੀ। ਮਿਲਾਨ ਵਿੱਚ ਚਾਰ ਘੰਟੇ ਦੇ ਰੁਕਣ ਤੋਂ ਬਾਅਦ, ਫਲਾਈਟ ਕੈਨੇਡਾ ਵਿੱਚ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਉਤਰੇਗੀ। ਇਹ ਦੂਰੀ 21 ਘੰਟੇ 15 ਮਿੰਟਾਂ ਵਿੱਚ ਪੂਰੀ ਕੀਤੀ ਜਾਵੇਗੀ। ਇਹ ਫਲਾਈਟ ਵੀਰਵਾਰ ਨੂੰ ਹੀ ਟੋਰਾਂਟੋ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਲਈ ਰਵਾਨਾ ਹੋਵੇਗੀ। ਇਸ ਨਾਲ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਕਰੀਬ 10 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ। ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਲੋਕ ਵਸੇ ਹੋਏ ਹਨ ਅਤੇ ਹੁਣ ਤੱਕ ਉਹ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਆਉਂਦੇ ਸਨ।
ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਹੋਣ ਕਰਕੇ ਕੈਨੇਡਾ ਲਈ ਉਡਾਣਾਂ ਸ਼ੁਰੂ ਕਰਨ ਦੀ ਸਿੱਖਾਂ ਦੀ ਲੰਮੇ ਸਮੇਂ ਤੋਂ ਮੰਗ ਰਹੀ ਹੈ। ਪੰਜਾਬੀ ਮੂਲ ਦੇ ਲੋਕਾਂ ਲਈ ਸਮੱਸਿਆ ਇਹ ਹੈ ਕਿ ਕੈਨੇਡਾ ਤੋਂ ਭਾਰਤ ਦੇ ਦਿੱਲੀ ਏਅਰਪੋਰਟ ‘ਤੇ ਆਉਣ ਵਾਲੀਆਂ ਫਲਾਈਟਾਂ ਰਾਤ 10 ਵਜੇ ਤੋਂ ਪਹਿਲਾਂ ਪਹੁੰਚ ਜਾਂਦੀਆਂ ਹਨ ਅਤੇ ਪੰਜਾਬ ਦੇ ਅੰਮ੍ਰਿਤਸਰ ਲਈ ਫਲਾਈਟ ਅਗਲੇ ਦਿਨ ਸਵੇਰੇ 6 ਵਜੇ ਤੋਂ ਬਾਅਦ ਮਿਲਦੀ ਸੀ, ਰਾਤ ਭਰ ਏਅਰਪੋਰਟ ‘ਤੇ ਰੁਕਣਾ ਪੈਂਦਾ ਸੀ ਜਾ ਸੜਕ ਰਾਹੀਂ ਪੰਜਾਬ ਆਉਣਾ ਪੈਂਦਾ ਸੀ।
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਦਾ ਕਹਿਣਾ ਹੈ ਕਿ ਸਾਡੀ ਮੰਗ ਇਹ ਵੀ ਹੈ ਕਿ ਏਅਰ ਇੰਡੀਆ ਕੈਨੇਡਾ-ਅੰਮ੍ਰਿਤਸਰ ਰੂਟ ‘ਤੇ ਵੀ ਉਡਾਣਾਂ ਸ਼ੁਰੂ ਕਰੇ। ਨਿਓਸ ਏਅਰਲਾਈਨਜ਼ ਦਾ ਇਹ ਕਦਮ ਸ਼ਲਾਘਾਯੋਗ ਅਤੇ ਸਵਾਗਤਯੋਗ ਹੈ ਪਰ ਪੰਜਾਬੀ ਲੋਕਾਂ ਦੀ ਮੰਗ ਭਾਰਤ ਸਰਕਾਰ ਨੂੰ ਵੀ ਮੰਨਣੀ ਚਾਹੀਦੀ ਹੈ। ਦੂਜੇ ਪਾਸੇ ਕੈਨੇਡਾ ਤੋਂ ਬਰੈਂਪਟਨ ਤੋਂ ਸੰਸਦ ਮੈਂਬਰ ਮਨਿੰਦਰ ਸਿੱਧੂ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਪੰਜਾਬ ਦੇ ਲੋਕਾਂ ਦਾ ਬਹੁਤ ਦਬਦਬਾ ਹੈ। ਪੰਜਾਬ ਵਿੱਚ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਜਾਂਦੇ ਹਨ। ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਘਾਟ ਸੀ। ਯਕੀਨੀ ਤੌਰ ‘ਤੇ ਇਹ ਲਾਭਦਾਇਕ ਹੋਵੇਗਾ।