ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਿਚਾਲੇ ਚੱਲ ਰਹੀ ਜੰਗ ਦੀ ਸੁਪਰੀਮ ਕੋਰਟ ‘ਚ ਸੁਣਵਾਈ ਹੋ ਰਹੀ ਹੈ। ਇਸ ਦੌਰਾਨ ਰਾਜਪਾਲ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿੱਚ ਬਜਟ ਸੈਸ਼ਨ ਬੁਲਾਉਣ ਤੋਂ ਇਨਕਾਰ ਨਹੀਂ ਕੀਤਾ ਹੈ। ਇਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਸਰਕਾਰ ਦਾ ਬਜਟ ਸੈਸ਼ਨ 3 ਮਾਰਚ ਤੋਂ ਹੋਵੇਗਾ। ਪੰਜਾਬ ਦਾ ਬਜਟ 10 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਇਹ ਤਰੀਕ ਸਰਕਾਰ ਨੇ ਤੈਅ ਕੀਤੀ ਸੀ।
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਕਿਹਾ ਕਿ ਸੰਵਿਧਾਨਕ ਅਫ਼ਸਰਾਂ ਵਿਚਕਾਰ ਸਾਡੇ ਸੰਚਾਰ ਵਿੱਚ ਸੰਵਿਧਾਨਕ ਸੰਵਾਦ ਹੋਣਾ ਚਾਹੀਦਾ ਹੈ.. ਅਜਿਹੇ ਬਿਆਨ ਨਹੀਂ ਹੋ ਸਕਦੇ ਕਿ ਤੁਸੀਂ ਕੌਣ ਹੋ ਜਾਂ ਕੇਂਦਰ ਤੁਹਾਨੂੰ ਕਿਵੇਂ ਚੁਣਦਾ ਹੈ? ਮੁੱਖ ਮੰਤਰੀ ਦਾ ਟਵੀਟ ਭਾਵੇਂ ਕਿੰਨਾ ਵੀ ਅਣਉਚਿਤ ਕਿਉਂ ਨਾ ਹੋਵੇ, ਵਿਧਾਨ ਸਭਾ ਸੈਸ਼ਨ ਵਿੱਚ ਦੇਰੀ ਨਹੀਂ ਕੀਤੀ ਜਾ ਸਕਦੀ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਰਾਜਪਾਲ ਕੋਈ ਜਾਣਕਾਰੀ ਮੰਗਦਾ ਹੈ ਤਾਂ ਸਰਕਾਰ ਦੇਣ ਲਈ ਪਾਬੰਦ ਹੈ। ਸੀਐਮ ਭਗਵੰਤ ਮਾਨ ਅਤੇ ਰਾਜਪਾਲ ਬੀਐਲ ਪੁਰੋਹਿਤ ਵੱਲੋਂ ਇੱਕ ਦੂਜੇ ਨੂੰ ਭੇਜੇ ਗਏ ਪੱਤਰ ਵੀ ਸੁਪਰੀਮ ਕੋਰਟ ਵਿੱਚ ਪੜ੍ਹ ਕੇ ਸੁਣਾਏ ਗਏ।