ਪੰਜਾਬ ਦੇ ਅਜਨਾਲਾ ਥਾਣੇ ‘ਚ ਹੋਏ ਹੰਗਾਮੇ ਦੇ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਐਂਟਰੀ ਵੀ ਹੋ ਗਈ ਹੈ। ਕੰਗਨਾ ਨੇ ਸੋਸ਼ਲ ਮੀਡੀਆ ਰਾਹੀਂ ਪੰਜਾਬ ‘ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਵੱਲੋਂ ਖਾਲਿਸਤਾਨ ਸਬੰਧੀ ਬਹਿਸ ਦੀ ਚੁਣੌਤੀ ਵੀ ਸਵੀਕਾਰ ਕਰ ਲਈ ਗਈ ਹੈ। ਅੰਮ੍ਰਿਤਪਾਲ ਸਿੰਘ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਕੰਗਣਾ ਨੇ ਲਿਖਿਆ- ਅੰਮ੍ਰਿਤਪਾਲ ਨੇ ਦੇਸ਼ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੇਕਰ ਕੋਈ ਉਨ੍ਹਾਂ ਨਾਲ ਬੌਧਿਕ ਗੱਲਬਾਤ ਕਰਨ ਲਈ ਤਿਆਰ ਹੈ ਤਾਂ ਉਹ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦੇ ਹਨ। ਮੈਂ ਹੈਰਾਨ ਹਾਂ ਕਿ ਉਨ੍ਹਾਂ ਦੀ ਚੁਣੌਤੀ ਨੂੰ ਕਿਸੇ ਨੇ ਸਵੀਕਾਰ ਨਹੀਂ ਕੀਤਾ। ਜੇਕਰ ਮੈਨੂੰ ਖਾਲਿਸਤਾਨੀਆਂ ਨੇ ਕੁੱਟਿਆ/ਹਮਲਾ ਜਾਂ ਗੋਲੀ ਨਹੀਂ ਮਾਰੀ ਤਾਂ ਮੈਂ ਤਿਆਰ ਹਾਂ।
ਦੂਜੇ ਪਾਸੇ ਕੰਗਨਾ ਨੇ ਪੰਜਾਬ ਦੇ ਹਾਲਾਤ ‘ਤੇ ਲਿਖਿਆ- ਮੈਂ ਦੋ ਸਾਲ ਪਹਿਲਾਂ ਦੱਸ ਦਿੱਤਾ ਸੀ ਕਿ ਪੰਜਾਬ ‘ਚ ਕੀ ਹੋ ਰਿਹਾ ਹੈ। ਮੇਰੇ ਖਿਲਾਫ ਕਈ ਕੇਸ ਦਰਜ ਕੀਤੇ ਗਏ। ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਸਨ। ਮੇਰੀ ਕਾਰ ‘ਤੇ ਪੰਜਾਬ ‘ਚ ਹਮਲਾ ਹੋਇਆ, ਪਰ ਮੈਂ ਜੋ ਕਿਹਾ ਉਹ ਹੋਇਆ। ਹੁਣ ਸਮਾਂ ਆ ਗਿਆ ਹੈ ਕਿ ਗੈਰ-ਖਾਲਿਸਤਾਨੀ ਸਿੱਖ ਆਪਣੀ ਸਥਿਤੀ ਅਤੇ ਇਰਾਦੇ ਸਾਫ਼ ਕਰਨ।