ਵੀਰਵਾਰ ਨੂੰ ਕਬੱਡੀ ਦੇ ਮੈਦਾਨ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ। ਦਰਅਸਲ ਗੁਰਦਾਸਪੁਰ ਦੇ ਹਲਕਾ ਕਦੀਆ ਦੇ ਪਿੰਡ ਘੱਸ ਦੇ ਰਹਿਣ ਵਾਲੇ ਕਬੱਡੀ ਖਿਡਾਰੀ ਅਮਰ ਘੱਸ ਦੀ ਖੇਡਦੇ ਸਮੇਂ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ। ਦੱਸ ਦੇਈਏ ਖੇਡਦੇ ਸਮੇਂ ਸਿਰ ਵਿੱਚ ਸੱਟ ਲੱਗਣ ਨਾਲ ਇਹ ਖਿਡਾਰੀ ਜ਼ਖਮੀ ਹੋ ਗਿਆ ਸੀ। ਇਸ ਮਗਰੋਂ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਂਦੇ ਸਮੇਂ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਸੀ। ਇਹ ਟੂਰਨਾਮੈਂਟ ਜੱਕੋਪੁਰ ਕਲਾਂ (ਜਲੰਧਰ) ਵਿੱਚ ਚੱਲ ਰਿਹਾ ਸੀ।
ਜਿੱਥੇ ਅਮਰ ਦੀ ਇਸ ਬੇਵਖਤੀ ਮੌਤ ਕਾਰਨ ਦੁਨੀਆਂ ਭਰ ਵਿੱਚ ਵੱਸਦੇ ਕਬੱਡੀ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਸਮੂਹ ਮੈਂਬਰਾਂ ਵਲੋਂ ਵੀ ਇਸ ਦੁੱਖ ਦੀ ਘੜੀ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਇਸ ਦੌਰਾਨ ਨਿਊਜੀਲੈਂਡ ਫੈਡਰੇਸ਼ਨ ਵੱਲੋਂ ਇੱਕ ਵੱਡਾ ਫੈਸਲਾ ਵੀ ਲਿਆ ਗਿਆ ਹੈ ਦਰਅਸਲ ਫੈਡਰੇਸ਼ਨ ਨੇ ਪਰਿਵਾਰ ਦੀ ਆਰਥਿਕ ਮੱਦਦ ਦਾ ਐਲਾਨ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਫੈਡਰੇਸ਼ਨ ਨੇ ਪਰਿਵਾਰ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਜਣ ਦਾ ਫੈਸਲਾ ਲਿਆ ਹੈ ਇਸ ਦੇ ਨਾਲ ਹੀ ਹਰ ਸਾਲ ਪਰਿਵਾਰ ਨੂੰ ਇੱਕ ਲੱਖ ਰੁਪਏ ਸਲਾਨਾ ਮੱਦਦ ਭੇਜਣ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ਰਾਸ਼ੀ ਨੂੰ ਕਮੈਂਟੇਟਰ ਰੁਪਿੰਦਰ ਜਲਾਲ ਤੇ ਕਬੱਡੀ ਖਿਡਾਰੀ ਯਾਦਾ ਸੁਰਖਪੁਰ ਰਾਹੀਂ ਪਰਿਵਾਰ ਤੱਕ ਪਹੁੰਚਾਇਆ ਜਾਵੇਗਾ।
ਦੱਸ ਦੇਈਏ ਇੱਕ ਨਿੱਜੀ ਚੈੱਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਯਾਦਾ ਸੁਰਖਪੁਰ ਨੇ ਦੱਸਿਆ ਸੀ ਕਿ 2019 ਵਿੱਚ ਅਮਰ ਘੱਸ ਦਾ ਨਿਊਜੀਲੈਂਡ ਦਾ ਵੀਜਾ ਲੱਗਿਆ ਸੀ, ਪਰ ਕੋਰੋਨਾ ਕਾਰਨ ਅਮਰ ਘੱਸ ਨਿਊਜੀਲੈਂਡ ਨਹੀਂ ਆ ਸਕਿਆ ਸੀ ਤੇ ਇਸ ਸਾਲ 2023 ਦੇ ਸੀਜ਼ਨ ਲਈ ਵੀ ਅਮਰ ਦੀ ਫਾਈਲ ਲਗਾਈ ਗਈ ਸੀ।