ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੈਚ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਆਸਟ੍ਰੇਲੀਆਈ ਮਹਿਲਾ ਟੀਮ ਅਤੇ ਭਾਰਤੀ ਮਹਿਲਾ ਟੀਮ ਵਿਚਾਲੇ ਖੇਡਿਆ ਗਿਆ ਹੈ। ਇਸ ਰੋਮਾਂਚਕ ਮੈਚ ‘ਚ ਆਸਟ੍ਰੇਲੀਆਈ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 173 ਦੌੜਾਂ ਬਣਾਈਆਂ ਸਨ | ਇਸ ਤੋਂ ਬਾਅਦ ਭਾਰਤੀ ਟੀਮ ਇਕ ਸਮੇਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਟੀਚੇ ਦਾ ਪਿੱਛਾ ਕਰ ਰਹੀ ਸੀ ਪਰ ਅਚਾਨਕ ਵਿਕਟਾਂ ਡਿੱਗਣ ਕਾਰਨ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆਈ ਟੀਮ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ।
ਇੱਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਇਹ ਮੈਚ ਆਸਾਨੀ ਨਾਲ ਜਿੱਤ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚ ਜਾਵੇਗੀ ਪਰ ਇੱਕ ਅਹਿਮ ਮੌਕੇ ‘ਤੇ ਕਪਤਾਨ ਹਰਮਨਪ੍ਰੀਤ ਦੇ ਰਨ ਆਊਟ ਹੋਣ ਕਾਰਨ ਟੀਮ ਇੰਡੀਆ ਇਸ ਮੈਚ ‘ਚ ਪਛੜ ਗਈ। ਹਰਮਨਪ੍ਰੀਤ ਦੀ ਵਿਕਟ ਨਾਲ ਆਸਟ੍ਰੇਲੀਆਈ ਟੀਮ ਨੂੰ ਵਾਪਸੀ ਕਰਨ ਦਾ ਮੌਕਾ ਮਿਲਿਆ ਅਤੇ ਭਾਰਤੀ ਟੀਮ ਦੇ ਖਿਡਾਰੀਆਂ ‘ਤੇ ਰਫਤਾਰ ਬਰਕਰਾਰ ਰੱਖਣ ਦਾ ਦਬਾਅ ਸੀ।