ਪੰਜਾਬ ਵਿਜੀਲੈਂਸ ਬਿਊਰੋ ਨੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਅਮਿਤ ਰਤਨ ਬਠਿੰਡਾ ਦਿਹਾਤੀ ਤੋਂ ‘ਆਪ’ ਦੇ ਵਿਧਾਇਕ ਹਨ। ਅਮਿਤ ਰਤਨ ਨੂੰ ਰਾਜਪੁਰਾ ਤੋਂ ਅੱਧੀ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਧਾਇਕ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਿਜੀਲੈਂਸ ਉਨ੍ਹਾਂ ਨੂੰ ਬਠਿੰਡਾ ਲੈ ਕੇ ਪਹੁੰਚੀ ਹੈ। ਉੱਥੇ ਹੀ ਵਿਜੀਲੈਂਸ ਦਫ਼ਤਰ ਵਿੱਚ ਨਿੱਜੀ ਪੀ.ਏ ਅਤੇ ਵਿਧਾਇਕ ਨੂੰ ਆਹਮੋ-ਸਾਹਮਣੇ ਬੈਠਾ ਕੇ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦੇਈਏ 16 ਫਰਵਰੀ ਨੂੰ ਉਨ੍ਹਾਂ ਦਾ ਪ੍ਰਾਈਵੇਟ ਪੀਏ ਰਿਸ਼ਮ ਸਿੰਘ ਬਠਿੰਡਾ ਵਿੱਚ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ ਸੀ। ਫਿਰ ਵਿਧਾਇਕ ਕੋਟਫੱਤਾ ਤੋਂ ਵੀ ਕਰੀਬ 4 ਘੰਟੇ ਸਰਕਟ ਹਾਊਸ ‘ਚ ਪੁੱਛਗਿੱਛ ਕੀਤੀ ਗਈ। ਵਿਜੀਲੈਂਸ ਨੇ ਵਿਧਾਇਕ ਕੋਟਫੱਤਾ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਇਸ ਤੋਂ ਬਾਅਦ ਰਿਸ਼ਵਤ ਦੇਣ ਵਾਲੀ ਮਹਿਲਾ ਸਰਪੰਚ ਦੇ ਪਤੀ ਨੇ ਆਡੀਓ ਰਿਕਾਰਡਿੰਗ ਜਾਰੀ ਕੀਤੀ। ਜਿਸ ਵਿੱਚ ਕਿਹਾ ਗਿਆ ਸੀ ਕਿ ਰਿਸ਼ਮ ਗਰਗ ਨੇ ਸਰਕਟ ਹਾਊਸ ਵਿੱਚ ਸਰਪੰਚ ਦੇ ਪਤੀ ਦੀ ਵਿਧਾਇਕ ਨਾਲ ਮੀਟਿੰਗ ਕਰਵਾਈ ਸੀ। ਜਿਸ ਵਿੱਚ ਵਿਧਾਇਕ ਨੂੰ ਸਰਪੰਚ ਦੇ ਪਤੀ ਨਾਲ ਸੌਦੇਬਾਜ਼ੀ ਕਰਦੇ ਸੁਣਿਆ ਗਿਆ ਸੀ। ਇਸ ਆਡੀਓ ਦੀ ਜਾਂਚ ਕੀਤੀ ਗਈ ਹੈ। ਜਿਸ ਵਿੱਚ ਵਿਧਾਇਕ ਦੀ ਆਵਾਜ਼ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ।