ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਸਤਲੁਜ ਦਰਿਆ ਦੇ ਨਾਲ ਲੱਗਦੇ ਸਰਹੱਦੀ ਖੇਤਰ ਫਿਲੌਰ ਪਹੁੰਚੇ ਸਨ। ਮੁੱਖ ਮੰਤਰੀ ਨੇ ਫਿਲੌਰ ਦੇ ਪਿੰਡ ਮਾਓ ਸਾਹਿਬ ਵਿਖੇ ਸਸਤੀ ਰੇਤ ਦੀ ਮਾਈਨਿੰਗ ਲਈ ਖੱਡ ਖੋਲ੍ਹੀ ਹੈ।ਉਨ੍ਹਾਂ ਕਿਹਾ ਕਿ ਹੁਣ ਇੱਥੋਂ ਲੋਕਾਂ ਨੂੰ 5.5 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸਸਤਾ ਰੇਤਾ ਦੇਣ ਦਾ ਵਾਅਦਾ ਕੀਤਾ ਸੀ ਅਤੇ ਗਾਰੰਟੀ ਦਿੱਤੀ ਸੀ, ਜਿਸ ਨੂੰ ਪੂਰਾ ਕੀਤਾ ਗਿਆ ਹੈ। ਹੁਣ ਲੋਕਾਂ ਨੂੰ ਰੇਤ ਮਾਫੀਆ ਦੀ ਲੁੱਟ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ। ਸਸਤੀ ਰੇਤ ਮਿਲਣ ਨਾਲ ਹੁਣ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ ਵੀ ਪੂਰਾ ਹੋ ਜਾਵੇਗਾ। ਇਸ ਮੌਕੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਅਤੇ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵੀ ਮੌਜੂਦ ਸਨ।
ਵਾਅਦੇ ਮੁਤਾਬਕ ਸਸਤੇ ਰੇਤੇ ਲਈ ਹੋਰ ਸਰਕਾਰੀ ਖੱਡਾਂ ਚਾਲੂ ਕਰ ਰਹੇ ਹਾਂ… ਫ਼ਿਲੌਰ ਵਿਖੇ ਸਰਕਾਰੀ ਖੱਡ ਦੇ ਉਦਘਾਟਨ ਸਮੇਂ Live… https://t.co/EBewzgpv9r
— Bhagwant Mann (@BhagwantMann) February 17, 2023
ਮੁੱਖ ਮੰਤਰੀ ਨੇ ਕਿਹਾ ਕਿ ਖੱਡਾਂ ਵਿੱਚ ਰੇਤ ਦੀ ਖੁਦਾਈ ਖੁਦ ਕੀਤੀ ਜਾਵੇਗੀ। ਖੱਡਾਂ ਵਿੱਚ ਜੇਸੀਬੀ ਮਸ਼ੀਨਾਂ ਅਤੇ ਟਿੱਪਰ ਲਿਆਉਣ ’ਤੇ ਮੁਕੰਮਲ ਪਾਬੰਦੀ ਹੈ। ਮਾਈਨਿੰਗ ਵੀ ਸੂਰਜ ਚੜ੍ਹਨ ‘ਤੇ ਸ਼ੁਰੂ ਹੋਵੇਗੀ ਅਤੇ ਸੂਰਜ ਡੁੱਬਣ ਨਾਲ ਬੰਦ ਹੋਵੇਗੀ। ਲਾਈਟਾਂ ਜਗਾ ਕੇ ਰਾਤ ਵੇਲੇ ਕਿਸੇ ਵੀ ਟਰੈਕਟਰ ਟਰਾਲੀ ਨੂੰ ਖੱਡਾਂ ਵਿੱਚੋਂ ਲੰਘਣ ਨਹੀਂ ਦਿੱਤਾ ਜਾਵੇਗਾ। ਮਾਈਨਿੰਗ ਵਾਲੀਆਂ ਥਾਵਾਂ ਦੇ ਬਾਹਰ ਨਜ਼ਰ ਰੱਖਣ ਲਈ ਸੁਰੱਖਿਆ ਵੀ ਲਗਾਈ ਗਈ ਹੈ।