ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਭਾਰਤੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹੋਵੇ। ਫਿਰ ਉਹ ਭਾਵੇ ਖੇਡਾਂ ਦਾ ਖੇਤਰ ਹੋਵੇ ਜਾ ਫਿਰ ਰਾਜਨੀਤੀ ਦਾ। ਪਰ ਅੱਜ ਅਸੀਂ ਤੁਹਾਡੇ ਨਾਲ ਖੇਡ ਦੇ ਮੈਦਾਨ ‘ਚੋਂ ਆਈ ਇੱਕ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ। ਦਰਅਸਲ ਹਰਿਆਣੇ ਨਾਲ ਸਬੰਧ ਰੱਖਣ ਵਾਲੇ ਕ੍ਰਿਕਟਰ ਵਿਕਾਸ ਮਲਿਕ ਨੇ ਨਿਊਜ਼ੀਲੈਂਡ ‘ਚ ਵੱਡਾ ਰਿਕਾਰਡ ਕਾਇਮ ਕਰਦਿਆਂ ਪਣੀ ਖੇਡ ਦਾ ਲੋਹਾ ਮਨਵਾਇਆ ਹੈ। ਦਰਅਸਲ ਵਿਕਾਸ ਨੇ ਕ੍ਰਾਈਸਚਰਚ ਮੈਟਰੋ ਕ੍ਰਿਕੇਟ ਡਿਵੀਜਨ 2 ਟੂਰਨਾਮੈਂਟ ‘ਚ ਨਬਾਦ ਰਹਿੰਦਿਆਂ 280 ਦੌੜਾਂ ਬਣਾ ਕੇ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਹੈ।
ਜਾਣਕਾਰੀ ਮੁਤਾਬਿਕ ਵਿਕਾਸ ਸਾਲ 2019 ਦੇ ਵਿੱਚ ਕ੍ਰਾਈਸਚਰਚ ਵਿੱਚ ਕੰਸਟਰਕਸ਼ਨ ਮੈਨੇਜਮੈਂਟ ਦੀ ਪੜ੍ਹਾਈ ਕਰਨ ਆਇਆ ਸੀ। ਪਰ ਵਿਕਾਸ ਦੇ ਕ੍ਰਿਕਟ ਖੇਡਣ ਦੇ ਜਨੂੰਨ ਨੇ ਵਿਦੇਸ਼ ‘ਚ ਵੀ ਉਸ ਅੰਦਰਲਾ ਖਿਡਾਰੀ ਨਹੀਂ ਦੱਬਣ ਦਿੱਤਾ। ਇਸੇ ਦੌਰਾਨ ਸ਼ਨੀਵਾਰ 4 ਫਰਵਰੀ ਨੂੰ ਖੇਡੇ ਗਏ ਮੈਚ ਵਿੱਚ ਮਲਿਕ ਨੇ ਇਹ ਕਮਾਲ ਦੀ ਪਾਰੀ ਖੇਡ ਆਪਣੀ ਖੇਡ ਦੀ ਬੱਲੇ ਬੱਲੇ ਕਰਵਾ ਦਿੱਤੀ। ਦੱਸ ਦੇਈਏ ਵਿਕਾਸ East Shirly ਦੀ ਨੁਮਾਇੰਦਗੀ ਕਰਦਾ ਹੈ ਜਿਸ ਨੇ ਵਿਕਾਸ ਦੀ ਪਾਰੀ ਦੀ ਬਦੌਲਤ ਮੈਰਿਸਟ ਹੇਵੁੱਡ ਨੂੰ 366 ਦੌੜਾਂ ਨਾਲ ਹਰਾਇਆ ਸੀ।
ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਵਿਕਾਸ ਇਸ ਖੇਡ ਦੇ ਸਦਕਾ ਲੁਧਿਆਣਾ ‘ਚ ਜਨਮੇ ਨਿਊਜ਼ੀਲੈਂਡ ਟੀਮ ਦੇ ਸਪਿਨਰ ਈਸ਼ ਸੋਢੀ ਅਤੇ ਮੁੰਬਈ ‘ਚ ਜਨਮੇ ਭਾਰਤੀ ਮੂਲ ਦੇ ਖੱਬੇ ਹੱਥ ਦੇ ਸਪਿੰਨਰ ਏਜਾਜ਼ ਪਟੇਲ ਵਾਂਗ ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮ ਲਈ ਖੇਡਦਾ ਵੀ ਨਜ਼ਰ ਆ ਸਕਦਾ ਹੈ।