ਤੁਰਕੀ ਅਤੇ ਸੀਰੀਆ ‘ਚ ਆਏ ਭਿਆਨਕ ਭੂਚਾਲ ਦੇ ਕਾਰਨ 4000 ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਇਸ ਵਿਚਕਾਰ ਹੁਣ ਨਿਊਜ਼ੀਲੈਂਡ ਨੇ ਤੁਰਕੀ ਅਤੇ ਸੀਰੀਆ ਲਈ ਮਦਦ ਦਾ ਹੱਥ ਵਧਾਇਆ ਹੈ। ਇਹ ਸਹਾਇਤਾ ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕਰਾਸ ਅਤੇ ਰੈੱਡ ਕ੍ਰੀਸੈਂਟ ਸੋਸਾਇਟੀਜ਼ (IFRC) ਲਈ $1.5 ਮਿਲੀਅਨ ਦੇ ਯੋਗਦਾਨ ਦੇ ਰੂਪ ਵਿੱਚ ਹੋਵੇਗੀ, ਜਿਸ ਵਿੱਚੋਂ ਦੋ ਤਿਹਾਈ ਤੁਰਕੀ ਅਤੇ ਇੱਕ ਤਿਹਾਈ ਸੀਰੀਆ ਨੂੰ ਜਾਵੇਗਾ। 7.8 ਤੀਬਰਤਾ ਦੇ ਭੂਚਾਲ ਨੇ ਦੱਖਣੀ ਤੁਰਕੀ ਅਤੇ ਉੱਤਰੀ ਸੀਰੀਆ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕੀਤਾ ਹੈ।
ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨੈਨੀਆ ਮਹੂਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, “ਆਓਟੇਰੋਆ ਨਿਊਜ਼ੀਲੈਂਡ ਇਨ੍ਹਾਂ ਭੂਚਾਲਾਂ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਅਤੇ ਤਬਾਹੀ ਤੋਂ ਬਹੁਤ ਦੁਖੀ ਹੈ। ਅਸੀਂ ਤਬਾਹੀ ਦੇ ਕੇਂਦਰ ਵਿੱਚ ਉਹਨਾਂ ਦਾ ਸਮਰਥਨ ਕਰਨ ਲਈ ਵਿਸ਼ਵਵਿਆਪੀ ਯਤਨਾਂ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਾਂ। IFRC ਅਪੀਲਾਂ ਵਿੱਚ ਸਿੱਧਾ ਯੋਗਦਾਨ ਪਾ ਕੇ, ਜ਼ਮੀਨ ‘ਤੇ ਐਮਰਜੈਂਸੀ ਜਵਾਬ ਦੇਣ ਵਾਲੇ ਤੁਰੰਤ ਵਾਧੂ ਸਹਾਇਤਾ ਤੋਂ ਲਾਭ ਉਠਾ ਸਕਦੇ ਹਨ।”
ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਘੱਟੋ-ਘੱਟ 29 ਨਿਊਜ਼ੀਲੈਂਡਰ ਇਸ ਸਮੇਂ ਤੁਰਕੀ ਅਤੇ ਇੱਕ ਸੀਰੀਆ ਵਿੱਚ ਹਨ। ਹਾਲਾਂਕਿ, ਇਸ ਵੇਲੇ ਇਹ ਸੁਝਾਅ ਦੇਣ ਲਈ “ਕੋਈ ਜਾਣਕਾਰੀ” ਨਹੀਂ ਹੈ ਕਿ ਨਿਊਜ਼ੀਲੈਂਡ ਦਾ ਕੋਈ ਵੀ ਨਾਗਰਿਕ ਭੂਚਾਲ ਨਾਲ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਇਆ ਹੈ ਜਾ ਨਹੀਂ।