ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੂੰ ਆਪਣਾ ਜਵਾਬ ਭੇਜ ਦਿੱਤਾ ਹੈ। ਸੰਸਦ ਮੈਂਬਰ ਨੇ ਆਪਣੇ ਜਵਾਬ ‘ਚ ਲਿਖਿਆ ਕਿ ਪਾਰਟੀ ਛੱਡਣ ਵਾਲੇ ਮੇਰੇ ਤੋਂ ਸਵਾਲ ਕਰ ਰਹੇ ਹਨ। ਪਾਰਟੀ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਅਨੁਸ਼ਾਸਨੀ ਕਮੇਟੀ ਵੱਲੋਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ। ਇਸ ਦਾ ਜਵਾਬ ਦਿੰਦਿਆਂ ਪ੍ਰਨੀਤ ਕੌਰ ਨੇ ਕਮੇਟੀ ਦੇ ਤਾਰਿਕ ਅਨਵਰ ਨੂੰ ਲਿਖਿਆ ਕਿ ਉਹ ਖੁਦ ਵੀ ਹੈਰਾਨ ਹੈ। ਜਿਹੜੇ ਲੋਕ 1999 ਵਿੱਚ ਸੋਨੀਆ ਗਾਂਧੀ ਨੂੰ ਵਿਦੇਸ਼ੀ ਕਹਿ ਕੇ ਪਾਰਟੀ ਛੱਡ ਗਏ, 20 ਸਾਲ 2019 ਤੱਕ ਪਾਰਟੀ ਤੋਂ ਦੂਰ ਰਹੇ ਅਤੇ ਜਿਨ੍ਹਾਂ ਨੂੰ ਖੁਦ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ, ਉਹ ਅੱਜ ਉਨ੍ਹਾਂ ਤੋਂ ਅਨੁਸ਼ਾਸਨੀ ਮਾਮਲੇ ‘ਤੇ ਸਵਾਲ ਪੁੱਛ ਰਹੇ ਹਨ।
ਪ੍ਰਨੀਤ ਨੇ ਕਿਹਾ ਕਿ ਉਨ੍ਹਾਂ ‘ਤੇ ਦੋਸ਼ ਲਗਾਉਣ ਵਾਲਿਆਂ ਖਿਲਾਫ ਕਈ ਮਾਮਲੇ ਪੈਂਡਿੰਗ ਹਨ। ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਹਮੇਸ਼ਾ ਆਪਣੇ ਹਲਕੇ ਅਤੇ ਪੰਜਾਬ ਲਈ ਖੜ੍ਹੇ ਰਹੇ ਹਨ। ਉਹ ਸੱਤਾ ਵਿੱਚ ਆਈ ਸਰਕਾਰ ਦੇ ਸਾਹਮਣੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਠਾਉਂਦੀ ਰਹੀ। ਹਰ ਕਾਂਗਰਸੀ ਮੰਤਰੀ ਸੂਬੇ ਦੇ ਮੁੱਦਿਆਂ ਨੂੰ ਲੈ ਕੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਦਾ ਹੈ, ਤਾਂ ਜੋ ਸੂਬੇ ਦੇ ਮਸਲਿਆਂ ਨੂੰ ਹੱਲ ਕੀਤਾ ਜਾ ਸਕੇ। ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ, ਹੁਣ ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਸਰਕਾਰਾਂ ਵੀ ਇਹੀ ਕਰਦੀਆਂ ਹਨ। ਮੈਂ ਆਪਣੇ ਮੁੱਦੇ ਰਾਜ ਅਤੇ ਕੇਂਦਰ ਸਰਕਾਰ ਕੋਲ ਵੀ ਲੈ ਕੇ ਜਾਂਦੀ ਹਾਂ। ਤੁਹਾਨੂੰ ਇਹ ਚੰਗਾ ਲੱਗੇ ਜਾਂ ਨਹੀਂ। ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੰਤ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਨੁਸ਼ਾਸਨੀ ਕਮੇਟੀ ਆਪਣੀ ਮਰਜ਼ੀ ਅਨੁਸਾਰ ਮੇਰੇ ’ਤੇ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹੈ।