ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਕਾਂਗਰਸ ਨੇ ਮੁਅੱਤਲ ਕਰ ਦਿੱਤਾ ਹੈ। ਪ੍ਰਨੀਤ ਕੌਰ ‘ਤੇ ਇਹ ਕਾਰਵਾਈ ਭਾਜਪਾ ਨਾਲ ਮਿਲ ਕੇ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਦੱਸ ਦੇਈਏ ਕੈਪਟਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਹਾਈਕਮਾਂਡ ਨੂੰ ਸ਼ਿਕਾਇਤ ਭੇਜ ਕੇ ਪ੍ਰਨੀਤ ਕੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਕਾਂਗਰਸ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ (ਡੀਏਸੀ) ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੇ ਪ੍ਰਨੀਤ ਕੌਰ ਨੂੰ ਮੁਅੱਤਲ ਕਰਨ ਦਾ ਪੱਤਰ ਜਾਰੀ ਕੀਤਾ ਹੈ। ਪੱਤਰ ਵਿੱਚ ਪ੍ਰਨੀਤ ਕੌਰ ਨੂੰ ਆਪਣਾ ਪੱਖ ਪੇਸ਼ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਚੌਥੀ ਵਾਰ ਲੋਕ ਸਭਾ ਲਈ ਚੁਣੀ ਗਈ ਹੈ। ਉਨ੍ਹਾਂ ਨੇ ਸਾਲ 1999 ਵਿੱਚ ਪਟਿਆਲਾ ਸੀਟ ਤੋਂ ਆਪਣੀ ਪਹਿਲੀ ਚੋਣ ਲੜੀ ਸੀ ਅਤੇ ਜਿੱਤ ਦਰਜ ਕੀਤੀ ਸੀ। ਉਹ 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਪਟਿਆਲਾ ਤੋਂ ਜਿੱਤੇ ਸਨ। ਇਸ ਦੌਰਾਨ ਉਹ ਮਨਮੋਹਨ ਸਿੰਘ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹੇ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਰਨੀਤ ਕੌਰ ਆਮ ਆਦਮੀ ਪਾਰਟੀ (ਆਪ) ਦੇ ਧਰਮਵੀਰ ਗਾਂਧੀ ਤੋਂ ਹਾਰ ਗਏ ਸੀ। 2019 ਦੀਆਂ ਚੋਣਾਂ ਵਿੱਚ ਉਹ ਫਿਰ ਜਿੱਤ ਕੇ ਸੰਸਦ ਵਿੱਚ ਪਹੁੰਚੇ ਸਨ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਕੈਪਟਨ ਅਮਰਿੰਦਰ ਮੁੱਖ ਮੰਤਰੀ ਸਨ।