ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ ਦੇ ਉੱਚ ਸੁਰੱਖਿਆ ਵਾਲੇ ਖੇਤਰ ‘ਚ ਸੋਮਵਾਰ ਨੂੰ ਦੁਪਹਿਰ ਦੀ ਨਮਾਜ਼ ਦੌਰਾਨ ਇੱਕ ਤਾਲਿਬਾਨੀ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ, ਜਿਸ ਕਾਰਨ ਘੱਟੋ-ਘੱਟ 61 ਲੋਕ ਮਾਰੇ ਗਏ ਅਤੇ 150 ਤੋਂ ਵੱਧ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੁਪਹਿਰ ਕਰੀਬ 1.40 ਵਜੇ ਪੁਲਿਸ ਲਾਈਨ ਇਲਾਕੇ ਦੇ ਨੇੜੇ ਮੂਹਰਲੀ ਕਤਾਰ ਵਿੱਚ ਬੈਠੇ ਇੱਕ ਆਤਮਘਾਤੀ ਹਮਲਾਵਰ ਨੇ ਆਪਣੇ ਵਿਸਫੋਟਕਾਂ ਨਾਲ ਧਮਾਕਾ ਕਰ ਦਿੱਤਾ ਜਦੋਂ ਸ਼ਰਧਾਲੂ ਦੁਪਹਿਰ ਦੀ ਨਮਾਜ਼ ਅਦਾ ਕਰ ਰਹੇ ਸਨ। ਉਨ੍ਹਾਂ ਮੁਤਾਬਿਕ ਧਮਾਕੇ ਤੋਂ ਬਾਅਦ ਮਸਜਿਦ ਦੀ ਛੱਤ ਨਮਾਜ਼ੀਆਂ ‘ਤੇ ਡਿੱਗ ਗਈ। ਉਨ੍ਹਾਂ ਦੇ ਅਨੁਸਾਰ, ਨਮਾਜ਼ ਪੜਨ ਵਾਲਿਆਂ ਵਿੱਚ ਪੁਲਿਸ, ਫੌਜ ਅਤੇ ਬੰਬ ਨਿਰੋਧਕ ਦਸਤੇ ਦੇ ਕਰਮਚਾਰੀ ਸਨ।
ਲੇਡੀ ਰੀਡਿੰਗ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 61 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ 150 ਤੋਂ ਵੱਧ ਜ਼ਖਮੀ ਹੋਏ ਹਨ। ਜ਼ਖਮੀਆਂ ‘ਚ ਜ਼ਿਆਦਾਤਰ ਪੁਲਸ ਕਰਮਚਾਰੀ ਅਤੇ ਸੁਰੱਖਿਆ ਅਧਿਕਾਰੀ ਹਨ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਇਹ ਆਤਮਘਾਤੀ ਹਮਲਾ ਟੀਟੀਪੀ ਕਮਾਂਡਰ ਉਮਰ ਖਾਲਿਦ ਖੁਰਸਾਨੀ ਦੀ ਮੌਤ ਦਾ ਬਦਲਾ ਹੈ, ਜੋ ਪਿਛਲੇ ਸਾਲ ਅਗਸਤ ਵਿੱਚ ਅਫਗਾਨਿਸਤਾਨ ਵਿੱਚ ਮਾਰਿਆ ਗਿਆ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਕਾਰਨ ਮਸਜਿਦ ਦਾ ਇਕ ਹਿੱਸਾ ਢਹਿ ਗਿਆ ਹੈ ਅਤੇ ਇਸ ਦੇ ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਬਚਾਅ ਮੁਹਿੰਮ ਦੇ ਇੰਚਾਰਜ ਬਿਲਾਲ ਫੈਜ਼ੀ ਨੇ ਕਿਹਾ, ”ਇਸ ਸਮੇਂ ਸਾਡਾ ਧਿਆਨ ਬਚਾਅ ਕਾਰਜ ‘ਤੇ ਹੈ। ਸਾਡੀ ਪਹਿਲੀ ਤਰਜੀਹ ਮਲਬੇ ਹੇਠ ਦੱਬੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ। ਪੁਲਿਸ ਮੁਤਾਬਿਕ ਹਮਲਾਵਰ ਪੁਲਿਸ ਲਾਈਨਜ਼ ਦੇ ਅੰਦਰ ਚਾਰ ਪੱਧਰੀ ਸੁਰੱਖਿਆ ਵਾਲੀ ਮਸਜਿਦ ਵਿੱਚ ਦਾਖ਼ਲ ਹੋਇਆ ਸੀ।
ਸੂਬਾਈ ਪੁਲਿਸ ਮੁਖੀ ਮੁਅਜ਼ਮ ਜਾਹ ਅੰਸਾਰੀ ਨੇ ਕਿਹਾ ਕਿ ਪੁਲਿਸ ਧਮਾਕੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਮਲਾਵਰ ਉੱਚ ਸੁਰੱਖਿਆ ਵਾਲੀ ਮਸਜਿਦ ਵਿੱਚ ਕਿਵੇਂ ਦਾਖਲ ਹੋਇਆ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਬੰਬ ਧਮਾਕੇ ਤੋਂ ਪਹਿਲਾਂ ਪੁਲਿਸ ਲਾਈਨ ਵਿੱਚ ਰਹਿ ਰਿਹਾ ਹੋ ਸਕਦਾ ਹੈ ਕਿਉਂਕਿ ਪੁਲਿਸ ਲਾਈਨ ਦੇ ਅੰਦਰ ਹੀ ਪਰਿਵਾਰਕ ਕੁਆਰਟਰ ਹਨ। ਪੇਸ਼ਾਵਰ ਪੁਲਿਸ, ਅੱਤਵਾਦ ਵਿਰੋਧੀ ਵਿਭਾਗ, ਫਰੰਟੀਅਰ ਰਿਜ਼ਰਵ ਪੁਲਿਸ, ਇਲੀਟ ਫੋਰਸ ਅਤੇ ਸੰਚਾਰ ਵਿਭਾਗ ਦੇ ਹੈੱਡਕੁਆਰਟਰ ਵੀ ਇਸ ਧਮਾਕੇ ਵਾਲੀ ਥਾਂ ਦੇ ਆਲੇ-ਦੁਆਲੇ ਹਨ।