ਹਾਕੀ ਵਿਸ਼ਵ ਕੱਪ 2023 ਵਿੱਚ ਭਾਰਤ ਨੇ ਰੁੜਕੇਲਾ ਵਿੱਚ ਖੇਡੇ ਗਏ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਹੈ। ਟੀਮ ਇੰਡੀਆ ਨੇ ਇਸ ਮੈਚ ‘ਚ 5-2 ਨਾਲ ਜਿੱਤ ਦਰਜ ਕੀਤੀ ਹੈ। ਭਾਰਤ ਨੇ ਇਸ ਜਿੱਤ ਨਾਲ ਆਪਣਾ 9ਵਾਂ ਸਥਾਨ ਪੱਕਾ ਕਰ ਲਿਆ ਹੈ। ਟੀਮ ਲਈ ਸੁਖਜੀਤ ਸਿੰਘ, ਅਕਾਸ਼ਦੀਪ ਸਿੰਘ, ਸ਼ਮਸ਼ੇਰ ਸਿੰਘ ਅਤੇ ਅਭਿਸ਼ੇਕ ਨੇ ਇੱਕ-ਇੱਕ ਗੋਲ ਕੀਤਾ। ਜਦਕਿ ਹਰਮਨਪ੍ਰੀਤ ਸਿੰਘ ਨੂੰ ਪੈਨਲਟੀ ਕਾਰਨਰ ਮਿਲਿਆ ਸੀ। ਇਸ ਮੈਚ ਲਈ ਅਭਿਸ਼ੇਕ ਨੂੰ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ। ਟੀਮ ਇੰਡੀਆ ਨੇ ਇਸ ਮੈਚ ਦੇ ਪਹਿਲੇ ਕੁਆਰਟਰ ਤੋਂ ਹੀ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਅਭਿਸ਼ੇਕ ਨੇ ਚੌਥੇ ਮਿੰਟ ਵਿੱਚ ਭਾਰਤ ਲਈ ਪਹਿਲਾ ਗੋਲ ਕੀਤਾ ਸੀ ਇਸ ਤੋਂ ਬਾਅਦ 11ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਇਸ ਤਰ੍ਹਾਂ ਭਾਰਤ ਨੇ ਪਹਿਲੇ ਕੁਆਰਟਰ ਦੇ ਅੰਤ ਤੱਕ ਬੜ੍ਹਤ ਬਣਾਈ ਰੱਖੀ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਇੱਕ ਵੀ ਗੋਲ ਨਹੀਂ ਹੋ ਸਕਿਆ। ਹਾਲਾਂਕਿ ਇਸ ਦੌਰਾਨ ਦੋਵੇਂ ਟੀਮਾਂ ਗੋਲ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ।
ਟੀਮ ਇੰਡੀਆ ਲਈ ਤੀਜੇ ਕੁਆਰਟਰ ਵਿੱਚ ਸ਼ਮਸ਼ੇਰ ਸਿੰਘ ਨੇ ਗੋਲ ਕੀਤਾ। ਚੌਥੇ ਕੁਆਰਟਰ ਵਿੱਚ ਭਾਰਤ ਲਈ ਅਕਾਸ਼ਦੀਪ ਅਤੇ ਸੁਖਜੀਤ ਸਿੰਘ ਨੇ ਇੱਕ-ਇੱਕ ਮੈਦਾਨੀ ਗੋਲ ਕੀਤਾ। ਇਸ ਤਰ੍ਹਾਂ ਟੀਮ ਇੰਡੀਆ ਨੇ ਕੁੱਲ ਪੰਜ ਗੋਲ ਕੀਤੇ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਵੱਲੋਂ ਪਹਿਲਾ ਗੋਲ 48ਵੇਂ ਮਿੰਟ ਵਿੱਚ ਅਤੇ ਦੂਜਾ ਗੋਲ 59ਵੇਂ ਮਿੰਟ ਵਿੱਚ ਕੀਤਾ ਗਿਆ। ਹਾਲਾਂਕਿ ਅਫਰੀਕੀ ਟੀਮ ਜਿੱਤ ਨਹੀਂ ਸਕੀ। ਭਾਰਤ ਨੇ ਉਸ ਨੂੰ 5-2 ਨਾਲ ਹਰਾਇਆ। ਟੀਮ ਇੰਡੀਆ ਨੇ ਇਸ ਜਿੱਤ ਨਾਲ ਟਾਪ 10 ‘ਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਭਾਰਤ ਨੇ ਇਸ ਤੋਂ ਪਹਿਲਾਂ ਜਾਪਾਨ ਨੂੰ ਬੁਰੀ ਤਰ੍ਹਾਂ ਹਰਾਇਆ ਸੀ। ਭਾਰਤ ਨੇ 8-0 ਨਾਲ ਜਿੱਤ ਦਰਜ ਕੀਤੀ ਸੀ।