ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਲ੍ਹ ਭਾਰੀ ਮੀਂਹ ਦੌਰਾਨ ਆਕਲੈਂਡ ਹਵਾਈ ਅੱਡੇ ‘ਤੇ ਉਤਰਦੇ ਸਮੇਂ ਏਅਰ ਨਿਊਜ਼ੀਲੈਂਡ ਦਾ ਇੱਕ ਪਾਇਲਟ “ਦਿਸ਼ਾਤਮਕ ਕੰਟਰੋਲ ਗੁਆ ਬੈਠਾ” ਅਤੇ ਇਸ ਜਹਾਜ਼ ਰਨਵੇਅ ਦੀਆਂ ਲਾਈਟਾਂ ਨਾਲ ਟਕਰਾ ਗਿਆ। ਟਰਾਂਸਪੋਰਟ ਐਕਸੀਡੈਂਟ ਇਨਵੈਸਟੀਗੇਸ਼ਨ ਕਮਿਸ਼ਨ (TAIC) ਨੇ ਘੋਸ਼ਣਾ ਕੀਤੀ ਹੈ ਕਿ ਉਹ ਇਸ ਘਟਨਾ ਦੀ ਜਾਂਚ ਸ਼ੁਰੂ ਕਰੇਗਾ ਜਿਸ ਵਿੱਚ ਇੱਕ ਏਅਰ ਨਿਊਜ਼ੀਲੈਂਡ ਬੋਇੰਗ 777 ਸ਼ਾਮਿਲ ਸੀ। ਫਲਾਈਟ, NZ124, ਮੈਲਬੌਰਨ ਤੋਂ ਆਕਲੈਂਡ ਆ ਰਹੀ ਸੀ ਅਤੇ “ਹਨੇਰੀ ਦੇ ਝੱਖੜ ਅਤੇ ਬਹੁਤ ਭਾਰੀ ਮੀਂਹ ਦੇ ਦੌਰਾਨ” ਲੈਂਡ ਕੀਤੀਸੀ ।
TAIC ਦੇ ਮੁੱਖ ਦੁਰਘਟਨਾ ਜਾਂਚਕਰਤਾ ਨਵੀਨ ਕੋਜ਼ੁੱਪਕਲਮ ਨੇ ਕਿਹਾ, “ਟੱਚਡਾਊਨ ਤੋਂ ਥੋੜ੍ਹੀ ਦੇਰ ਬਾਅਦ, ਪਾਇਲਟ ਨੇ ਥੋੜ੍ਹੇ ਸਮੇਂ ਲਈ ਦਿਸ਼ਾਤਮਕ ਕੰਟਰੋਲ ਗੁਆ ਦਿੱਤਾ ਸੀ ਅਤੇ ਜਹਾਜ਼ ਰਨਵੇ ਦੇ ਕੇਂਦਰ ਤੋਂ ਦੂਰ ਹੋ ਗਿਆ।” ਉਨ੍ਹਾਂ ਨੇ ਕਿਹਾ, “ਪਾਇਲਟ ਨੇ ਕੰਟਰੋਲ ਮੁੜ ਹਾਸਿਲ ਕਰ ਲਿਆ ਸੀ ਅਤੇ ਲੈਂਡਿੰਗ ਪੂਰੀ ਕੀਤੀ ਅਤੇ ਜਹਾਜ਼ ਨੂੰ ਹਵਾਈ ਅੱਡੇ ਦੇ ਟਰਮੀਨਲ ਤੱਕ ਟੈਕਸੀ ਕਰ ਦਿੱਤਾ।” “ਛੇ ਰਨਵੇ ਏਜ ਲਾਈਟਾਂ ਅਤੇ ਜਹਾਜ਼ ਦੇ ਅੰਡਰਕੈਰੇਜ ਅਸੈਂਬਲੀ ਨੂੰ ਨੁਕਸਾਨ ਹੋਣ ਦੀ ਸੂਚਨਾ ਮਿਲੀ ਸੀ, ਜਿਸ ਵਿੱਚ ਇੱਕ ਟਾਇਰ ਡਿਫਲੇਸ਼ਨ ਵੀ ਸ਼ਾਮਿਲ ਸੀ।
ਉਨ੍ਹਾਂ ਅੱਗੇ ਕਿਹਾ ਕਿ “ਸਾਨੂੰ ਯਾਤਰੀਆਂ ਜਾਂ ਚਾਲਕ ਦਲ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।” TAIC ਨੇ ਕਿਹਾ ਕਿ ਘਟਨਾ ਦੀ ਜਾਂਚ ਲਈ ਦੋ ਜਾਂਚਕਰਤਾਵਾਂ ਨੂੰ ਨਿਯੁਕਤ ਕੀਤਾ ਗਿਆ ਹੈ। ਕੋਜ਼ੁੱਪਕਲਮ ਨੇ ਕਿਹਾ, “ਉਨ੍ਹਾਂ ਦਾ ਸ਼ੁਰੂਆਤੀ ਕੰਮ ਜਹਾਜ਼ ਦੇ ਚਾਲਕ ਦਲ, ਹਵਾਈ ਆਵਾਜਾਈ ਕੰਟਰੋਲਰਾਂ, ਸਬੰਧਤ ਹਵਾਈ ਅੱਡੇ ਦੇ ਸਟਾਫ ਅਤੇ ਹੋਰ ਗਵਾਹਾਂ ਦੀ ਇੰਟਰਵਿਊ ਕਰਨਾ ਹੋਵੇਗਾ।”
“ਉਹ ਜਹਾਜ਼ ਅਤੇ ਰਨਵੇ ਸਿਸਟਮ ਦਾ ਮੁਆਇਨਾ ਕਰਨਗੇ, ਘਟਨਾ ਵਾਲੀ ਥਾਂ ਦੀ ਜਾਂਚ ਕਰਨਗੇ, ਕੋਈ ਵੀ ਇਲੈਕਟ੍ਰਾਨਿਕ ਰਿਕਾਰਡ ਕੀਤਾ ਡੇਟਾ ਅਤੇ ਰਿਕਾਰਡ ਪ੍ਰਾਪਤ ਕਰਨਗੇ। ਜਾਂਚ ਟੀਮ ਨੂੰ ਹਵਾਈ ਜਹਾਜ਼ ਦੇ ਸੰਚਾਲਨ, ਇੰਜੀਨੀਅਰਿੰਗ ਅਤੇ ਰੱਖ-ਰਖਾਅ ਦਾ ਮਾਹਰ ਗਿਆਨ ਹੈ।