ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਹਾਰਾਸ਼ਟਰ ਦੇ ਅਗਲੇ ਰਾਜਪਾਲ ਬਣ ਸਕਦੇ ਹਨ। ਕਿਆਸ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਵਿੱਚ ਸਹਿਮਤੀ ਬਣ ਗਈ ਹੈ। ਕੈਪਟਨ ਨੂੰ ਨਵੀਂ ਜ਼ਿੰਮੇਵਾਰੀ ਸੌਂਪਣ ਦੀ ਚਰਚਾ ਇਸ ਲਈ ਵੀ ਗਰਮ ਹੈ ਕਿਉਂਕਿ ਕੈਪਟਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੰਗੇ ਸਬੰਧ ਹਨ। ਇਸ ਦੇ ਨਾਲ ਹੀ ਭਾਜਪਾ ਨੇ ਕੈਪਟਨ ਨੂੰ ਪਹਿਲਾਂ ਹੀ 83 ਮੈਂਬਰੀ ਕੌਮੀ ਕਾਰਜਕਾਰਨੀ ਵਿੱਚ ਸ਼ਾਮਿਲ ਕਰ ਲਿਆ ਹੈ।
ਕੈਪਟਨ ਨੂੰ ਰਾਜਪਾਲ ਬਣਾਏ ਜਾਣ ਬਾਰੇ ਪੁੱਛੇ ਜਾਣ ‘ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਇੱਥੇ ਕੈਪਟਨ ਦੀ ਨਵੀਂ ਭੂਮਿਕਾ ਦੀ ਚਰਚਾ ਉਸ ਸਮੇਂ ਤੇਜ਼ ਹੋ ਗਈ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 29 ਜਨਵਰੀ ਦੀ ਪਟਿਆਲਾ ਰੈਲੀ ਰੱਦ ਕਰ ਦਿੱਤੀ ਸੀ। ਇਸ ਰੈਲੀ ਨਾਲ ਪੰਜਾਬ ਵਿੱਚ ਭਾਜਪਾ ਦੀ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਹੋਣ ਵਾਲੀ ਸੀ। ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਇਸ ਦੀ ਕਮਾਨ ਕੈਪਟਨ ਨੂੰ ਸੌਂਪ ਦਿੱਤੀ ਗਈ ਹੈ।
ਮਹਾਰਾਸ਼ਟਰ ਦੇ ਮੌਜੂਦਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਹੋਏ ਹਨ। ਪਿਛਲੇ ਹਫ਼ਤੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਅਹੁਦਾ ਛੱਡਣ ਦੀ ਇੱਛਾ ਪ੍ਰਗਟਾਈ ਸੀ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਨਵੇਂ ਰਾਜਪਾਲ ਦੀ ਨਿਯੁਕਤੀ ਤੈਅ ਮੰਨੀ ਜਾ ਰਹੀ ਹੈ। ਫੌਜ ਤੋਂ ਸੇਵਾਮੁਕਤ ਕੈਪਟਨ ਅਮਰਿੰਦਰ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (PLC) ਨੂੰ ਭਾਜਪਾ ਵਿੱਚ ਰਲਾ ਦਿੱਤਾ ਸੀ।