ਜੇਕਰ ਤੁਸੀਂ ਰੋਜ਼ਾਨਾ ਸੋਸ਼ਲ ਮੀਡੀਆ use ਕਰਦੇ ਹੋ ਤਾਂ ਤੁਸੀ ਇਹ ਤਸਵੀਰ ਜ਼ਰੂਰ ਦੇਖੀ ਹੋਵੇਗੀ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਔਰਤ ਦਿਖਾਈ ਦੇ ਰਹੇ ਹੈ ਜਿਸ ਨੇ ਬੁਰਕਾ ਪਾਇਆ ਹੋਇਆ ਹੈ ਅਤੇ ਮੋਢਿਆਂ ‘ਚ Swiggy ਦਾ ਡਿਲੀਵਰੀ ਬੈਗ ਪਾਇਆ ਹੋਇਆ ਹੈ ਅਤੇ ਪੈਦਲ ਜਾ ਰਹੀ ਹੈ। ਵਾਇਰਲ ਤਸਵੀਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਇਹ ਔਰਤ Swiggy ਲਈ ਕੰਮ ਕਰਦੀ ਹੈ ? ਅਜਿਹਾ ਲੱਗ ਸਕਦਾ ਹੈ, ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ।
ਤਾਂ ਆਉ ਤੁਹਾਨੂੰ ਦੱਸ ਦੇ ਹਾਂ ਇਸ ਤਸਵੀਰ ਦੀ ਅਸਲ ਸਚਾਈ
ਦਰਅਸਲ ਵਾਇਰਲ ਤਸਵੀਰ ‘ਚ ਨਜ਼ਰ ਆ ਰਹੀ ਔਰਤ ਦੀ ਪਛਾਣ ਰਿਜ਼ਵਾਨਾ ਵਜੋਂ ਹੋਈ ਹੈ। ਸੂਤਰਾਂ ਅਨੁਸਾਰ, ਉਹ ਇੱਕ ਸਧਾਰਣ ਪਰਿਵਾਰ ਨਾਲ ਸਬੰਧਿਤ ਹੈ ਅਤੇ ਲਖਨਊ ਦੇ ਜਗਤਨਾਰਾਇਣ ਰੋਡ ‘ਤੇ ਜਨਤਾ ਨਗਰੀ ਕਾਲੋਨੀ ਵਿੱਚ ਇੱਕ ਕਮਰੇ ਦੇ ਘਰ ਵਿੱਚ ਰਹਿੰਦੀ ਹੈ। ਰਿਜ਼ਵਾਨਾ ਦੇ 4 ਬੱਚੇ ਹਨ। ਵੱਡੀ ਧੀ ਵਿਆਹੀ ਹੋਈ ਹੈ। ਬਾਕੀ, ਤਿੰਨੇ ਬੱਚੇ ਉਨ੍ਹਾਂ ਦੇ ਨਾਲ ਰਹਿੰਦੇ ਹਨ। 10 ਬਾਈ 10 ਦੇ ਘਰ ਵਿੱਚ ਇੱਕ ਕੋਨੇ ਦੀ ਰਸੋਈ ਹੈ, ਇੱਕ ਪਾਸੇ ਸਾਰਾ ਸਮਾਨ ਪਿਆ ਹੈ। ਘਰ ਦੀ ਗੱਲ ਕਰਨ ‘ਤੇ ਰਿਜ਼ਵਾਨਾ ਦਾ ਜਵਾਬ ਸੀ ਕਿ ਅਸੀਂ ਘਰ ‘ਚ ਨਹੀਂ ਸਗੋਂ ਕਬਰਖਾਨੇ ‘ਚ ਰਹਿੰਦੇ ਹਾਂ।
ਰਿਜ਼ਵਾਨਾ ਦੱਸਦੀ ਹੈ ਕਿ ਜਦੋਂ ਉਸ ਦਾ ਵਿਆਹ ਹੋਇਆ ਸੀ ਤਾਂ ਉਹ 17 ਸਾਲ ਦੀ ਸੀ। ਉਸ ਸਮੇਂ ਪਤੀ ਕੰਮ ਕਰਦਾ ਸੀ। ਉਹ ਜੋ ਵੀ ਪੈਸਾ ਕਮਾਉਂਦਾ ਸੀ, ਉਹ ਸ਼ਰਾਬ ‘ਤੇ ਖਰਚ ਕਰ ਦਿੰਦਾ ਸੀ। ਉਹ ਕਦੇ-ਕਦਾਈਂ ਹੀ ਘਰ ਦੇ ਖਰਚੇ ਲਈ ਹੀ ਪੈਸੇ ਦਿੰਦਾ । ਵਿਆਹ ਦੇ 6-7 ਮਹੀਨੇ ਬਾਅਦ ਹੀ ਰਿਜ਼ਵਾਨਾ ਨੇ ਖੁਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਮੁਕੇਸ਼ ਦੇ ਕੰਮ ਦੇ ਨਾਲ ਨਾਲ ਕਰੋਸ਼ੀਏ ਦੀ ਕਢਾਈ ਕਰ ਕੇ ਆਪਣਾ ਗੁਜ਼ਾਰਾ ਕਰਦੀ ਸੀ।
ਇਸ ਮਗਰੋਂ ਰਿਜ਼ਵਾਨਾ ਦੇ ਪਤੀ ਨੇ ਮਜ਼ਦੂਰੀ ਛੱਡ ਦਿੱਤੀ ਅਤੇ ਰਿਕਸ਼ਾ ਚਾਲਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦਿਨ ਦੀ ਕਮਾਈ ਵੀ ਚੰਗੀ ਸੀ। ਪਰ, ਇੱਕ ਦਿਨ ਉਨ੍ਹਾਂ ਦਾ ਰਿਕਸ਼ਾ ਚੋਰੀ ਹੋ ਗਿਆ। ਰਿਜ਼ਵਾਨਾ ਨੇ ਜੋ ਪੈਸਾ ਕਮਾਇਆ, ਉਸ ਨਾਲ ਘਰ ਦਾ ਖਰਚਾ ਪੂਰਾ ਕਰਨਾ ਬਹੁਤ ਮੁਸ਼ਕਿਲ ਸੀ। ਇਸ ਲਈ ਪਤੀ ਭੀਖ ਮੰਗਣ ਲੱਗ ਗਿਆ। ਰਿਜ਼ਵਾਨਾ ਦਾ ਪਤੀ ਕਦੇ ਕਦੇ ਹੀ ਘਰ ਆਉਂਦਾ ਸੀ। ਇਕ ਦਿਨ ਉਹ ਸੜਕਾਂ ‘ਤੇ ਭੀਖ ਮੰਗਦਾ ਘਰ ਆਇਆ ਇੱਕ ਪਤਲਾ ਕੰਬਲ ਚੁੱਕਿਆ ਤੇ ਚਲਾ ਗਿਆ। ਉਸ ਦਿਨ ਤੋਂ ਤਿੰਨ ਸਾਲ ਹੋ ਗਏ ਹਨ, ਉਹ ਮੁੜ ਕਦੇ ਵਾਪਸ ਨਹੀਂ ਆਇਆ।
ਰਿਜ਼ਵਾਨਾ ਦੱਸਦੀ ਹੈ ਕਿ ਕਈ ਵਾਰ ਲੋਕਾਂ ਨੇ ਉਸ ਦੇ ਪਤੀ ਨੂੰ ਨੇੜਿਓਂ ਦੇਖਿਆ। ਜਿੱਥੇ ਲੋਕ ਦੱਸਦੇ ਹਨ, ਉਹ ਉੱਥੇ ਖੁਦ ਵੀ ਲੱਭਣ ਕਰਨ ਲਈ ਜਾਂਦੀ ਹੈ ਪਰ ਰਿਜ਼ਵਾਨਾ ਨੂੰ ਉਸਦਾ ਪਤੀ ਨਹੀਂ ਮਿਲਿਆ। ਸਮਾਂ ਬੀਤ ਗਿਆ ਪਰ ਉਹ ਵਾਪਸ ਨਹੀਂ ਆਇਆ। ਇਸੇ ਕਾਰਨ ਗੁਆਂਢੀਆਂ ਨੇ ਰਿਜ਼ਵਾਨਾ ਨੂੰ ਕਿਹਾ ਕਿ ਤੂੰ ਅਜੇ ਛੋਟੀ ਹੈਂ, ਜੇਕਰ ਤੂੰ ਬੱਚਿਆਂ ਨੂੰ ਵੀ ਪਾਲਨਾ ਚਾਹੁੰਦੀ ਹੈਂ ਤਾਂ ਉਹ ਦੂਜਾ ਵਿਆਹ ਕਰਵਾ ਲੈ। ਪਰ ਰਿਜ਼ਵਾਨਾ ਨੇ ਦੂਜਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਸ ਦਾ ਕਹਿਣਾ ਸੀ ਕਿ, ”ਵਿਆਹ ਇਕ ਵਾਰ ਹੁੰਦਾ ਹੈ ਅਤੇ ਮੇਰਾ ਹੋ ਚੁੱਕਿਆ ਹੈ। ਮੈਂ ਖੁਦ ਕਮਾਵਾਂਗੀ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੀ।
ਪੈਸਿਆਂ ਦੀ ਘਾਟ ਕਾਰਨ ਇੱਕ ਧੀ ਨੂੰ ਛੱਡਣੀ ਪਈ ਪੜ੍ਹਾਈ
ਰਿਜ਼ਵਾਨਾ ਦੇ 4 ਬੱਚੇ ਹਨ। ਤਿੰਨ ਕੁੜੀਆਂ ਤੇ ਇੱਕ ਲੜਕਾ। ਇਨ੍ਹਾਂ ਵਿੱਚੋਂ ਵੱਡੀ ਭੈਣ ਲੁਬਨਾ ਵਿਆਹੀ ਹੋਈ ਹੈ। ਉਸ ਦੀ ਛੋਟੀ ਬੇਟੀ ਬੁਸ਼ਰਾ ਹੈ ਜੋ ਹੁਣ 19 ਸਾਲ ਦੀ ਹੈ। ਉਹ ਪਹਿਲਾਂ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਉਸ ਨੂੰ ਪੜ੍ਹਨਾ ਪਸੰਦ ਸੀ, ਇਸ ਲਈ ਉਹ ਕਿਸੇ ਪ੍ਰਾਈਵੇਟ ਸਕੂਲ ਤੋਂ ਪੜ੍ਹਨਾ ਚਾਹੁੰਦੀ ਸੀ। ਪਰ, ਘਰ ਵਿਚ ਉਸ ਨੂੰ ਪੜ੍ਹਾਉਣ ਲਈ ਪੈਸੇ ਨਹੀਂ ਸਨ, ਇਸ ਲਈ ਉਸ ਨੂੰ ਆਪਣੀ ਪੜ੍ਹਾਈ ਛੱਡਣੀ ਪਈ। ਹੁਣ ਰਿਜ਼ਵਾਨਾ ਆਪਣੇ ਛੋਟੇ ਬੇਟੇ ਯਾਸੀਨ ਅਤੇ ਛੋਟੀ ਧੀ ਨਸ਼ਰਾ ਦੀ ਪੜ੍ਹਾਈ ਲਈ ਕਮਾਈ ਵਾਲਾ ਸਾਰਾ ਪੈਸਾ ਖਰਚ ਕਰਦੀ ਹੈ।
ਵਾਇਰਲ ਫੋਟੋ ਬਾਰੇ ਪੁੱਛੇ ਜਾਣ ‘ਤੇ ਰਿਜ਼ਵਾਨਾ ਨੇ ਦੱਸਿਆ ਕਿ ਉਹ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਮਾਨ ਵੇਚਦੀ ਹੈ। ਉਹ ਆਪਣਾ ਸਾਰਾ ਸਮਾਨ ਇੱਕ ਬੈਗ ਵਿੱਚ ਲੈ ਕੇ ਜਾਂਦੀ ਸੀ। ਕਰੀਬ 15 ਦਿਨ ਪਹਿਲਾਂ ਪੁਰਾਣਾ ਬੈਗ ਫਟ ਗਿਆ ਸੀ। ਜਦੋਂ ਉਹ ਨਵਾਂ ਬੈਗ ਲੈਣ ਗਈ ਤਾਂ ਉਹ ਬਹੁਤ ਮਹਿੰਗਾ ਸੀ। ਇਸੇ ਕਾਰਨ ਦੁਕਾਨਦਾਰ ਨੇ ਰਿਜ਼ਵਾਨਾ ਨੂੰ ਲੋੜ ਅਨੁਸਾਰ 50 ਰੁਪਏ ਦਾ ਪੁਰਾਣਾ ਬੈਗ ਦੇ ਦਿੱਤਾ, ਜਿਸ ਵਿੱਚ ਉਸ ਨੇ ਆਪਣਾ ਸਮਾਨ ਰੱਖਿਆ ਹੋਇਆ ਸੀ।
ਰਿਜ਼ਵਾਨਾ ਦਾ ਕਹਿਣਾ ਹੈ ਕਿ ਜਦੋਂ ਫੋਟੋ ਵਾਇਰਲ ਹੋਣ ਦਾ ਪਤਾ ਲੱਗਿਆ ਤਾਂ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ‘ਚ ਖਾਸ ਕੀ ਹੈ? ਅੱਜ ਵੀ ਮੈਨੂੰ ਸਮਝ ਨਹੀਂ ਆਈ। ਪਰ ਹੌਲੀ-ਹੌਲੀ ਇਹ ਗੱਲ ਫੈਲ ਗਈ। ਹੁਣ ਕਈ ਵਾਰ ਕੋਈ ਅਣਪਛਾਤਾ ਵਿਅਕਤੀ ਮੇਰੇ ਖਾਤੇ ‘ਚ 500 ਰੁਪਏ ਭੇਜ ਦਿੰਦਾ ਹੈ ਤੇ ਕੋਈ 100 ਰੁਪਏ। ਉਸ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਨਾਲ ਮੇਰੀਆਂ ਮੁਸ਼ਕਿਲਾਂ ਥੋੜ੍ਹੀਆਂ ਆਸਾਨ ਹੋ ਗਈਆਂ ਹਨ। ਮੈਂ ਖੁਦ 5ਵੀਂ ਜਮਾਤ ਤੱਕ ਹੀ ਪੜ੍ਹੀ ਹੈ ਪਰ ਮੈਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਕਾਬਲ ਬਣਾਉਣਾ ਚਾਹੁੰਦੀ ਹਾਂ। ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ ਅਤੇ ਉਨ੍ਹਾਂ ਨੂੰ ਕਿਸੇ ਦੇ ਸਾਹਮਣੇ ਹੱਥ ਨਾ ਫੈਲਾਉਣਾ ਪਵੇ।
ਰਿਜ਼ਵਾਨਾ ਸਵੇਰੇ 8 ਵਜੇ ਘਰ ਵਿੱਚ ਭਾਂਡੇ ਸਾਫ਼ ਕਰਨ ਅਤੇ ਝਾੜੂ ਮਾਰਨ ਦਾ ਕੰਮ ਕਰਦੀ ਹੈ। ਇਸ ਤੋਂ ਬਾਅਦ, ਉਹ ਡਿਸਪੋਜ਼ੇਬਲ ਕੱਪ, ਗਲਾਸ ਸਮੇਤ ਛੋਟੀਆਂ ਚੀਜ਼ਾਂ ਵੇਚਣ ਲਈ ਦੁਕਾਨਾਂ ਅਤੇ ਗੱਡੀਆਂ ਦੀ ਭਾਲ ਵਿਚ ਪੈਦਲ ਚਲੀ ਜਾਂਦੀ ਹੈ। ਉਹ ਦਿਨ ਦੇ 3 ਵਜੇ ਇਕ ਥਾਂ ‘ਤੇ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਰਿਜ਼ਵਾਨਾ ਦਾ ਕਹਿਣਾ ਹੈ ਕਿ ਇਸ ਸਭ ਨਾਲ ਇੱਕ ਮਹੀਨੇ ਵਿੱਚ ਉਹ 4 ਹਜ਼ਾਰ ਤੋਂ 5 ਹਜ਼ਾਰ ਤੱਕ ਕਮਾ ਲੈਂਦੀ ਹੈ। ਜਿਸ ਨਾਲ ਘਰ ਦਾ ਰਾਸ਼ਨ ਤੇ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਹੁੰਦਾ ਹੈ।
ਰਿਜ਼ਵਾਨਾ ਰੋਜ਼ਾਨਾ ਕਰੀਬ 25 ਕਿਲੋਮੀਟਰ ਪੈਦਲ ਚੱਲ ਕੇ ਸਾਮਾਨ ਵੇਚਦੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਅਸੀਂ ਸਾਧਨਾਂ ਨਾਲ ਚੱਲੀਏ ਤਾਂ ਸਾਮਾਨ ਵੇਚ ਕੇ ਜਿੰਨੀ ਕਮਾਈ ਹੁੰਦੀ ਹੈ, ਉਹ ਆਉਣ-ਜਾਣ ਵਿਚ ਖਰਚ ਹੋ ਜਾਂਦੀ ਹੈ। ਇਸ ਲਈ ਉਹ ਆਪਣਾ ਸਾਰਾ ਸਮਾਨ ਮੋਢੇ ‘ਤੇ ਚੁੱਕ ਕੇ ਪੈਦਲ ਚਲੀ ਜਾਂਦੀ ਹੈ। ਇਸ ਨਾਲ ਕਾਫੀ ਖਰਚਾ ਬਚਦਾ ਹੈ। ਰਿਜ਼ਵਾਨਾ ਨੇ ਦੱਸਿਆ ਕਿ ਬੱਚਿਆਂ ਨੂੰ ਇੱਕੋ ਕਮਰੇ ‘ਚ ਰਹਿਣ ‘ਚ ਕਾਫੀ ਦਿੱਕਤਾਂ ਆਉਂਦੀਆਂ ਹਨ। ਇਸ ਲਈ ਅਸੀਂ ਤਿੰਨ ਵਾਰ ਅਰਜ਼ੀਆਂ ਦੇ ਚੁੱਕੇ ਹਾਂ ਪਰ ਅੱਜ ਤੱਕ ਸਾਨੂੰ ਸਰਕਾਰੀ ਰਿਹਾਇਸ਼ ਨਹੀਂ ਮਿਲੀ। ਇੱਕ ਅਹਿਮ ਗੱਲ ਇਹ ਵੀ ਹੈ ਕਿ ਘਰ ਵਿੱਚ ਇੱਕ ਛੋਟਾ ਜਿਹਾ ਬਾਥਰੂਮ ਤਾ ਹੈ ਪਰ ਪਾਣੀ ਦਾ ਕੋਈ ਕੁਨੈਕਸ਼ਨ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਘਰ ਤੋਂ ਕਰੀਬ 50 ਮੀਟਰ ਦੂਰ ਲੱਗੀ ਇੱਕ ਟੂਟੀ ਤੋਂ ਪਾਣੀ ਭਰਨਾ ਪੈਂਦਾ ਹੈ।