ਮੈਕਸੀਕੋ ਦੇ ਵੇਰਾਕਰੂਜ਼ ਵਿੱਚ ਇੱਕ 11 ਸਾਲਾ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੈਰਾਨੀਜਨਕ ਗੱਲ ਇਹ ਹੈ ਕਿ ਗੋਲੀਬਾਰੀ ਦਾ ਦੋਸ਼ ਲਗਭਗ ਮ੍ਰਿਤਕ ਦੇ ਬਰਾਬਰ ਦੀ ਉਮਰ ਦੇ ਬੱਚੇ ‘ਤੇ ਹੀ ਹੈ। ਦਰਅਸਲ ਇੱਕ 10 ਸਾਲ ਦੇ ਲੜਕੇ ਨੇ ਇੱਕ ਵੀਡੀਓ ਗੇਮ ਵਿੱਚ ਹਾਰਨ ਤੋਂ ਬਾਅਦ ਕਥਿਤ ਤੌਰ ‘ਤੇ ਆਪਣੇ ਨਾਲ ਗੇਮ ਖੇਡ ਰਹੇ 11 ਸਾਲ ਦੇ ਲੜਕੇ ‘ਤੇ ਹੀ ਗੋਲੀ ਚਲਾਈ ਹੈ। ਤੁਹਾਨੂੰ ਦੱਸ ਦੇਈਏ ਕਿ ਵੇਰਾਕਰੂਜ਼ ਮੈਕਸੀਕੋ ਦੇ ਸਭ ਤੋਂ ਹਿੰਸਕ ਰਾਜਾਂ ਵਿੱਚੋਂ ਇੱਕ ਦੇ ਰੂਪ ਵਿੱਚ ਅਤੇ ਡਰੱਗ ਤਸਕਰਾਂ ਵਿਚਕਾਰ ਗੈਂਗ ਵਾਰ ਦੇ ਕਾਰਨ ਬਦਨਾਮ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਇੱਕ ਵੀਡੀਓ ਗੇਮ ਰੈਂਟਲ ਸਟੋਰ ਵਿੱਚ ਇੱਕ ਗੇਮ ਹਾਰਨ ਤੋਂ ਬਾਅਦ ਇੱਕ 10 ਸਾਲ ਦੇ ਲੜਕੇ ਨੇ ਇੱਕ ਪਿਸਤੌਲ ਚੱਕਿਆ ਅਤੇ ਇੱਕ ਹੋਰ 11 ਸਾਲ ਦੇ ਮੁੰਡੇ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਬੱਚੇ ਦਾ ਪਰਿਵਾਰ ਉਸ ਨੂੰ ਲੈ ਕੇ ਫਰਾਰ ਹੋ ਗਿਆ ਹੈ।
ਮ੍ਰਿਤਕ ਦੀ ਮਾਂ ਨੇ ਦੋਸ਼ ਲਾਇਆ ਕਿ 10 ਸਾਲਾ ਬੱਚੇ ਦੇ ਪਰਿਵਾਰ ਵਾਲੇ ਮੇਜ਼ ‘ਤੇ ਹੀ ਪਿਸਤੌਲ ਛੱਡ ਗਏ ਸਨ। ਇੱਕ ਨਿਊਜ਼ ਏਜੰਸੀ ਨੇ ਪੀੜਤਾ ਦੀ ਮਾਂ ਦੇ ਹਵਾਲੇ ਨਾਲ ਕਿਹਾ, “ਮੇਰੇ ਪੁੱਤਰ ਦੀ ਮੌਤ ਹੋ ਗਈ ਕਿਉਂਕਿ ਮੇਰੇ ਪੁੱਤਰ ਨੂੰ ਮਾਰਨ ਵਾਲੇ ਬੱਚੇ ਦੇ ਮਾਪੇ ਗੈਰ-ਜ਼ਿੰਮੇਵਾਰ ਸਨ ਜਿਨ੍ਹਾਂ ਨੇ ਮੇਜ਼ ‘ਤੇ ਪਿਸਤੌਲ ਛੱਡਿਆ ਹੋਇਆ ਸੀ।” ਕੁੱਝ ਹੋਰ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਬੱਚੇ ਨੇ ਐਤਵਾਰ (15 ਜਨਵਰੀ) ਨੂੰ ਇਹ ਅਪਰਾਧ ਕੀਤਾ ਸੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਬੱਚਾ ਉਦਾਸ ਸੀ, ਇਸ ਲਈ ਉਸਨੇ ਘਰ ‘ਚ ਪਈ ਬੰਦੂਕ ਚੱਕੀ ਅਤੇ ਵੀਡੀਓ ਗੇਮ ਰੈਂਟਲ ਸਟੋਰ ‘ਚ 11 ਸਾਲ ਦੇ ਲੜਕੇ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਦੱਸਿਆ ਗਿਆ ਹੈ ਕਿ ਮ੍ਰਿਤਕ ਦਾ ਅੰਤਿਮ ਸੰਸਕਾਰ ਮੰਗਲਵਾਰ (17 ਜਨਵਰੀ) ਨੂੰ ਕੀਤਾ ਗਿਆ ਸੀ। ਇਸ ਦੌਰਾਨ ਮ੍ਰਿਤਕ ਦੀ ਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਿਰਫ ਇਹੀ ਕਹਿੰਦੀ ਹਾਂ ਕਿ ਤੁਸੀਂ ਮੈਨੂੰ ਇਨਸਾਫ ਦਿਵਾਉਣ ਵਿੱਚ ਮਦਦ ਕਰੋ।