ਨਿਊਜ਼ੀਲੈਂਡ ‘ਚ ਚੋਰੀ ਦੀਆ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਹੀ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ। ਹੁਣ ਇੱਕ ਤਾਜ਼ਾ ਮਾਮਲਾ ਕ੍ਰਾਈਸਟਚਰਚ ਤੋਂ ਸਾਹਮਣੇ ਆਇਆ ਹੈ। ਜਿੱਥੇ ਚੋਰਾਂ ਨੇ ਕੁੱਲ $100,000 ਤੋਂ ਵੱਧ ਦਾ ਨੁਕਸਾਨ ਕੀਤਾ ਹੈ। ਚੋਰੀ ਹੋਈਆਂ ਵਸਤੂਆਂ ਵਿੱਚ ਜੋੜੇ ਦੇ ਵਿਆਹ ਦੀਆਂ ਮੁੰਦਰੀਆਂ ਅਤੇ ਕੱਪੜੇ, ਯਾਦਾਂ ਨਾਲ ਭਰੀ ਇੱਕ ਯਾਤਰਾ ਜਰਨਲ, ਬੈਕ-ਅਪ ਫੋਟੋਆਂ ਦੀ ਹਾਰਡ ਡਰਾਈਵ ਅਤੇ ਉਨ੍ਹਾਂ ਦੇ ਹੋਣ ਵਾਲੇ ਬੱਚੇ ਲਈ ਨਰਸਰੀ ਦਾ ਸਮਾਨ ਸੀ। ਚੋਰਾਂ ਨੇ ਜੋੜੇ ਦੇ ਪਾਸਪੋਰਟ ਅਤੇ ਉਨ੍ਹਾਂ ਦਾ ਟਰੱਕ ਵੀ ਚੋਰੀ ਕਰ ਲਿਆ ਹੈ।
ਹਿਊਗ ਅਤੇ ਜੇਨੇਨ ਪਿਛਲੇ ਹਫਤੇ ਵੀਰਵਾਰ ਨੂੰ ਇੱਕ ਕੈਂਪਿੰਗ ਯਾਤਰਾ ਲਈ ਰਵਾਨਾ ਹੋਏ ਸਨ, ਉਹਨਾਂ ਦੇ ਰਿਚਮੰਡ ਘਰ ਨੂੰ ਉਹਨਾਂ ਨੇ ਬੰਦ ਕਰ ਦਿੱਤਾ ਸੀ ਜਦਕਿ ਉਹ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ। ਉਹ ਐਤਵਾਰ ਸਵੇਰੇ ਵਾਪਸ ਪਹੁੰਚੇ ਤਾਂ ਉਨ੍ਹਾਂ ਦਾ ਗੈਰਾਜ ਟੁੱਟਿਆ ਹੋਇਆ ਸੀ ਅਤੇ ਉਨ੍ਹਾਂ ਦਾ ਟਰੱਕ ਗਾਇਬ ਸੀ। ਇੰਨ੍ਹਾਂ ਹੀ ਨਹੀਂ ਜਦੋ ਜੋੜਾਂ ਇਸ ਮਗਰੋਂ ਘਰ ‘ਚ ਦਾਖਲ ਹੋਇਆ ਤਾਂ ਉਨ੍ਹਾਂ ਨੂੰ ਇਸ ਤੋਂ ਵੀ ਵੱਡਾ ਝਟਕਾ ਲੱਗਿਆ ਜਦੋ ਉਨ੍ਹਾਂ ਦੇ ਘਰ ਦੀ ਇੱਕ-ਇੱਕ ਚੀਜ਼ ਗਾਇਬ ਦੇਖੀ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।