ਬੁੱਧਵਾਰ ਨੂੰ ਲੁਧਿਆਣਾ ਤੋਂ ਕਾਂਗਰਸੀ ਐੱਮਪੀ ਰਵਨੀਤ ਬਿੱਟੂ ਅਤੇ ਅਕਾਲੀ ਦਲ ਦੀ ਐੱਮਪੀ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸੰਸਦ ਬਾਹਰ ਬਹਿਸ ਹੋਈ ਹੈ। ਦਰਅਸਲ ਦੋਵਾਂ ਸੰਸਦਾਂ ਦੇ ਵਿਚਕਾਰ ਇਹ ਬਹਿਸ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਹੋਈ ਹੈ। ਸੰਸਦ ਦੇ ਮਾਨਸੂਨ ਇਜਲਾਸ ਮੌਕੇ ਹਰਸਿਮਰਤ ਖੇਤੀ ਕਾਨੂੰਨਾਂ ਖਿਲਾਫ਼ ਪੋਸਟਰ ਲੈ ਕੇ ਵਿਰੋਧ ਕਰ ਰਹੇ ਸਨ। ਓਸੇ ਸਮੇ ਸੰਸਦ ਦੇ ਬਾਹਰ ਰਵਨੀਤ ਬਿੱਟੂ ਦੇ ਪਹੁੰਚਦਿਆਂ ਹੀ ਦੋਵਾਂ ਵਿੱਚ ਮੀਡੀਆ ਸਾਹਮਣੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ। ਬਹਿਸ ਦੀ ਇਸ ਵੀਡੀਓ ਨੂੰ ਰਵਨੀਤ ਬਿੱਟੂ ਨੇ ਵੀ ਆਪਣੇ ਟਵਿੱਟਰ ਅਕਾਊਂਟ ਤੋਂ ਸਾਂਝਾ ਕੀਤਾ ਹੈ। ਬਿੱਟੂ ਨੇ ਟਵੀਟ ਕਰ ਲਿਖਿਆ, “ਹਰਸਿਮਰਤ ਬਾਦਲ ਬਿੱਲ ਪਾਸ ਹੋਣ ਤੋਂ ਬਾਅਦ ਪਾਰਲੀਮੈਂਟ ਦੇ ਬਾਹਰ ਡਰਾਮਾ ਕਰਦੇ ਨਜ਼ਰ ਆਉਂਦੇ ਨੇ ਪਰ ਬਿੱਲ ਪਾਸ ਹੋਣ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦੇ ਅੰਦਰ ਬੋਲਣ ਦਾ ਮੌਕਾ ਸੀ ਓਦੋਂ ਇਨ੍ਹਾਂ ਨੇ ਮੋਦੀ ਸਰਕਾਰ ਦੀ ਕੈਬਿਨੇਟ ਵਿੱਚ ਬੈਠ ਕੇ ਕਾਲੇ ਕਾਨੂੰਨਾਂ ਨੂੰ ਪਾਸ ਕਰਾਏ।”
ਹਰਸਿਮਰਤ ਬਾਦਲ ਬਿੱਲ ਪਾਸ ਹੋਣ ਤੋਂ ਬਾਅਦ ਪਾਰਲੀਮੈਂਟ ਦੇ ਬਾਹਰ ਡਰਾਮਾ ਕਰਦੇ ਨਜ਼ਰ ਆਉਂਦੇ ਨੇ ਪਰ ਬਿੱਲ ਪਾਸ ਹੋਣ ਤੋਂ ਪਹਿਲਾਂ ਜਦੋਂ ਪਾਰਲੀਮੈਂਟ ਦੇ ਅੰਦਰ ਬੋਲਣ ਦਾ ਮੌਕਾ ਸੀ ਓਦੋਂ ਇਨ੍ਹਾਂ ਨੇ ਮੋਦੀ ਸਰਕਾਰ ਦੀ ਕੈਬਿਨੇਟ ਵਿੱਚ ਬੈਠ ਕੇ ਕਾਲੇ ਕਾਨੂੰਨਾਂ ਨੂੰ ਪਾਸ ਕਰਾਏ। pic.twitter.com/5OJyqjqZZF
— Ravneet Singh Bittu (@RavneetBittu) August 4, 2021
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਇੱਕ ਤਖ਼ਤੀ ਲੈ ਕੇ ਸੰਸਦ ਅੱਗੇ ਖੜ੍ਹੇ ਸਨ। ਉਸੇ ਸਮੇਂ ਰਵਨੀਤ ਬਿੱਟੂ ਉੱਥੋਂ ਲੰਘ ਰਹੇ ਸੀ, ਉਹ ਉਨ੍ਹਾਂ ਕੋਲ ਪਹੁੰਚ ਗਏ। ਦੋਹਾਂ ਨੇਤਾਵਾਂ ਨੇ ਇੱਕ-ਦੂਜੇ ‘ਤੇ ਦੋਸ਼ ਲਗਾਏ। ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਨੇ ਦੋਹਾਂ ਨੇਤਾਵਾਂ ਦੇ ਵਿੱਚ ਇਸ ਝਗੜੇ ਦੀ ਵੀਡੀਓ ਨੂੰ ਸਾਂਝਾ ਕੀਤਾ ਹੈ। ਵੀਡੀਓ ਵਿੱਚ, ਬਿੱਟੂ ਅਕਾਲੀ ਦਲ ਦੇ ਨੇਤਾ ਹਰਸਿਮਰਤ ਕੌਰ ਬਾਦਲ ਉੱਤੇ ਕੇਂਦਰੀ ਮੰਤਰੀ ਹੁੰਦਿਆਂ ਤਿੰਨੋਂ ਖੇਤੀਬਾੜੀ ਕਾਨੂੰਨ ਪਾਸ ਕਰਵਾਉਣ ਦਾ ਦੋਸ਼ ਲਗਾਉਂਦੇ ਹੋਏ ਦਿਖਾਈ ਦੇ ਰਹੇ ਹਨ, ਜਦਕਿ ਹਰਸਿਮਰਤ ਵਿਰੋਧ ਕਰਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਅਕਾਲੀ ਦਲ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਨਾਲ ਗਠਜੋੜ ਤੋੜ ਚੁੱਕਿਆ ਹੈ। ਇਸ ਦੇ ਨਾਲ ਹੀ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ 8 ਮਹੀਨਿਆਂ ਤੋਂ ਜਿਆਦਾ ਸਮੇਂ ਤੋਂ ਕਿਸਾਨ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।