ਪੰਜਾਬ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵਿਜੀਲੈਂਸ ‘ਤੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਫਸੇ ਸਾਬਕਾ ਮੰਤਰੀ ਆਸ਼ੂ ਦੇ ਪੀਏ ਇੰਦਰਜੀਤ ਇੰਦੀ ਨੂੰ ਵਿਜੀਲੈਂਸ ਥਰਡ ਡਿਗਰੀ ਟਾਰਚਰ ਦੇ ਰਹੀ ਹੈ। ਇੰਦਰਜੀਤ ਨੂੰ ਕਰੰਟ ਲਾਇਆ ਜਾ ਰਿਹਾ ਹੈ। ਵਿਜੀਲੈਂਸ ਅਧਿਕਾਰੀ ਉਸ ‘ਤੇ ਦਬਾਅ ਪਾ ਰਹੇ ਹਨ ਕਿ ਜੇਕਰ ਉਸ ਨੇ ਆਸ਼ੂ ਵਿਰੁੱਧ ਮੂੰਹ ਨਾ ਖੋਲ੍ਹਿਆ ਤਾਂ ਉਸ ਨੂੰ ਕਰੰਟ ਲਾ ਨਪੁੰਸਕ ਬਣਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਜ਼ਿੰਦਗੀ ਭਰ ਉਸ ਦੇ ਘਰ ਕਦੇ ਪੁੱਤਰ ਨਹੀਂ ਹੋਵੇਗਾ।
ਬਿੱਟੂ ਨੇ ਦੱਸਿਆ ਕਿ ਇੰਦੀ ਦੀ ਪਹਿਲੀ ਬੇਟੀ ਹੈ। ਇੰਦਰੀ ਆਪਣੀ ਧੀ ਤੋਂ ਖੁਸ਼ ਹੈ ਪਰ ਵਿਜੀਲੈਂਸ ਅਧਿਕਾਰੀ ਅਜਿਹੀਆਂ ਗੱਲਾਂ ਕਹਿ ਕੇ ਇੰਦੀ ਨੂੰ ਧਮਕੀਆਂ ਦੇ ਰਹੇ ਹਨ। ਇੰਦਰਜੀਤ ਦੀਆਂ ਚੀਕਾਂ ਦੀ ਆਵਾਜ਼ ਬਾਹਰ ਤੱਕ ਆ ਰਹੀ ਹੈ ਪਰ ਅਧਿਕਾਰੀ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਤੋਂ ਡਰਦੇ ਨਹੀਂ ਹਨ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਜੇਕਰ ਇੰਦੀ ਵਰਗੇ ਨੌਜਵਾਨਾਂ ਨੂੰ ਬਿਜਲੀ ਦੇ ਕਰੰਟ ਆਦਿ ਲਾ ਕੇ ਥਰਡ ਡਿਗਰੀ ਟਾਰਚਰ ਕੀਤਾ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਪੰਜਾਬ ਦੀ ਨੌਜਵਾਨੀ ਕੁਰਾਹੇ ਪੈ ਸਕਦੀ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨੌਜਵਾਨ ਅੱਤਵਾਦੀ ਅਤੇ ਗੈਂਗਸਟਰ ਬਣ ਰਹੇ ਹਨ। ਅਦਾਲਤ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਵਿਜੀਲੈਂਸ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਜੋ ਇੰਦੀ ਨੂੰ ਕਾਨੂੰਨ ਦੇ ਉਲਟ ਕਰੰਟ ਲਗਾ ਕੇ ਉਸ ਤੋਂ ਪੁੱਛਗਿੱਛ ਕਰ ਰਹੇ ਹਨ।
ਸੰਸਦ ਮੈਂਬਰ ਬਿੱਟੂ ਨੇ ਦੱਸਿਆ ਕਿ ਵਿਜੀਲੈਂਸ ਦਫ਼ਤਰ ਵਿੱਚ ਵੱਡੀਆਂ ਬੈਟਰੀਆਂ ਆਦਿ ਰੱਖੀਆਂ ਗਈਆਂ ਹਨ। ਇੱਕ ਐਸਪੀ ਅਤੇ ਡੀਐਸਪੀ ਇੰਦੀ ਨੂੰ ਦੋ-ਦੋ ਘੰਟੇ ਲਈ ਬਿਜਲੀ ਦਾ ਕਰੰਟ ਲਗਾ ਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੇ ਹਨ। ਪਾਰਟੀ ਕਾਂਗਰਸੀ ਵਰਕਰਾਂ ‘ਤੇ ਇਸ ਤਰ੍ਹਾਂ ਦਾ ਜ਼ੁਲਮ ਬਰਦਾਸ਼ਤ ਨਹੀਂ ਕਰੇਗੀ। ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਐਮਪੀ ਬਿੱਟੂ ਨੇ ਕਿਹਾ ਕਿ ਵਿਜੀਲੈਂਸ ਦਾ ਐਸਐਸਪੀ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣ ਗਿਆ ਹੈ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਆਉਣ ਵਾਲੇ ਦਿਨਾਂ ਵਿੱਚ ਮਹਾਂਨਗਰ ਵਿੱਚ ਆ ਰਹੀ ਹੈ। ਜੇਕਰ ਸਮੇਂ ਸਿਰ ਇਨਸਾਫ਼ ਨਾ ਮਿਲਿਆ ਤਾਂ ਸਾਨੂੰ ਮਜਬੂਰ ਹੋਕੇ ਵਿਜੀਲੈਂਸ ਵੱਲ ਇਸਦਾ ਮੂੰਹ ਕਰਨਾ ਪੈ ਜਾਵੇਗਾ। ਉੱਥੇ ਹੀ ਐਸਐਸਪੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇੰਦੀ ਨੇ ਆਤਮ ਸਮਰਪਣ ਕੀਤਾ ਹੈ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੰਦੀ ਨਾਲ ਕੋਈ ਥਰਡ ਡਿਗਰੀ ਟਾਰਚਰ ਨਹੀਂ ਕੀਤਾ ਜਾ ਰਿਹਾ ਹੈ। ਸਾਂਸਦ ਬਿੱਟੂ ਝੂਠੇ ਦੋਸ਼ ਲਗਾ ਰਹੇ ਹਨ।