ਆਸਟ੍ਰੇਲੀਆ ਦੇ ਗੋਲਡ ਕੋਸਟ ‘ਤੇ ਬੀਤੇ ਦਿਨ 2 ਹੈਲੀਕਾਪਟਰਾਂ ਦੀ ਇੱਕ ਭਿਆਨਕ ਟੱਕਰ ਹੋਈ ਸੀ। ਆਸਟ੍ਰੇਲੀਆ ਦੇ ਗੋਲਡ ਕੋਸਟ ‘ਤੇ ਕੱਲ੍ਹ ਵਾਪਰੇ ਇਸ ਹਾਦਸੇ ਵਿੱਚ ਨਿਊਜ਼ੀਲੈਂਡ ਦੇ ਦੋ ਪਰਿਵਾਰ ਸ਼ਾਮਿਲ ਸਨ। ਕੁਈਨਜ਼ਲੈਂਡ ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਹੈਲੀਕਾਪਟਰ ਲੈਂਡ ਕਰ ਰਿਹਾ ਸੀ ਅਤੇ ਦੂਜਾ ਮੇਨ ਬੀਚ ‘ਤੇ ਸੀ ਵਰਲਡ ਡ੍ਰਾਈਵ ਨੇੜੇ ਉਡਾਣ ਭਰ ਰਿਹਾ ਸੀ। ਇੱਕ ਹੈਲੀਕਾਪਟਰ ਰੇਤ ਦੇ ਕਿਨਾਰੇ ‘ਤੇ ਸਫਲਤਾਪੂਰਵਕ ਉਤਰਨ ਵਿੱਚ ਕਾਮਯਾਬ ਰਿਹਾ ਪਰ ਦੂਜਾ ਸੱਤ ਯਾਤਰੀਆਂ ਨਾਲ ਕ੍ਰੈਸ਼ ਹੋ ਗਿਆ – ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਅਤੇ ਪਾਇਲਟ ਦੀ ਵੀ ਜਾਨ ਚਲੀ ਗਈ।
ਜਿਸ ਜਹਾਜ਼ ਨੇ ਲੈਂਡ ਕੀਤਾ ਸੀ ਉਸ ‘ਚ ਪੰਜ ਯਾਤਰੀ ਸਵਾਰ ਸਨ, ਜਿਨ੍ਹਾਂ ‘ਚ ਨਿਊਜ਼ੀਲੈਂਡ ਦੇ ਦੋ ਪਰਿਵਾਰ ਇਕੱਠੇ ਸਫਰ ਕਰ ਰਹੇ ਸਨ। ਇਸ ਜਹਾਜ਼ ਵਿੱਚੋਂ ਇੱਕ ਵਿਅਕਤੀ ਜ਼ਖਮੀ ਨਹੀਂ ਹੋਇਆ ਸੀ, ਬਾਕੀ ਪੰਜ ਲੋਕਾਂ ਨੂੰ ਮਾਮੂਲੀ ਸਰੀਰਕ ਸੱਟਾਂ ਲੱਗੀਆਂ ਸਨ। ਉਨ੍ਹਾਂ ਨੂੰ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਸੀ। ਦੂਜੇ ਹੈਲੀਕਾਪਟਰ ‘ਚ ਮਰਨ ਵਾਲਿਆਂ ‘ਚ 40 ਸਾਲਾ ਪਾਇਲਟ, 57 ਸਾਲਾ ਔਰਤ ਤੇ 65 ਸਾਲਾ ਯੂਨਾਈਟਿਡ ਕਿੰਗਡਮ ਦਾ ਵਿਅਕਤੀ ਅਤੇ ਨਿਊ ਸਾਊਥ ਵੇਲਜ਼ ਦੀ 36 ਸਾਲਾ ਔਰਤ ਸ਼ਾਮਿਲ ਸੀ। ਇੱਕ 10 ਸਾਲਾ NSW ਲੜਕੇ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਵਿਕਟੋਰੀਆ ਤੋਂ ਸਫ਼ਰ ਕਰ ਰਹੇ ਦੋ ਹੋਰ ਯਾਤਰੀਆਂ ਨੂੰ 9 ਸਾਲਾ ਲੜਕੇ ਸਮੇਤ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਸੀ। ਦੋਵਾਂ ਦੀ ਹਾਲਤ ਸਥਿਰ ਹੈ। ਗੋਲਡ ਕੋਸਟ ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਦੇ ਜਾਸੂਸ ਅਤੇ ਫੋਰੈਂਸਿਕ ਕਰੈਸ਼ ਯੂਨਿਟ ਜਾਂਚ ਵਿੱਚ ਆਸਟ੍ਰੇਲੀਅਨ ਟ੍ਰਾਂਸਪੋਰਟ ਸੇਫਟੀ ਬਿਊਰੋ ਦੀ ਮਦਦ ਕਰ ਰਹੇ ਹਨ। ਪੁਲਿਸ ਗਵਾਹਾਂ ਨੂੰ ਮਦਦ ਕਰਨ ਅਪੀਲ ਕਰ ਰਹੀ ਹੈ, ਖਾਸ ਤੌਰ ‘ਤੇ ਜਿਨ੍ਹਾਂ ਕੋਲ ਹਾਦਸੇ ਦਾ ਵੀਡੀਓ ਹੈ, ਅਤੇ ਜਿਨ੍ਹਾਂ ਨੇ ਅਜੇ ਤੱਕ ਜਾਂਚਕਰਤਾਵਾਂ ਨਾਲ ਗੱਲ ਨਹੀਂ ਕੀਤੀ ਹੈ।