ਭਾਰਤੀ ਕ੍ਰਿਕਟਰ ਰਿਸ਼ਭ ਪੰਤ ਪਿਛਲੇ ਸ਼ੁੱਕਰਵਾਰ ਨੂੰ ਕਾਰ ਹਾਦਸੇ ‘ਚ ਜ਼ਖਮੀ ਹੋ ਗਏ ਸਨ। ਜਦੋਂ ਰਿਸ਼ਭ ਦਿੱਲੀ ਤੋਂ ਰੁੜਕੀ ਸਥਿਤ ਆਪਣੇ ਘਰ ਜਾ ਰਿਹਾ ਸੀ ਤਾਂ ਰਿਸ਼ਭ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਡਿਵਾਈਡਰ ‘ਤੇ ਚੜ੍ਹ ਕੇ ਰਿਸ਼ਭ ਦੀ ਕਾਰ ਪਲਟ ਗਈ ਸੀ। ਹਾਦਸੇ ‘ਚ ਪੰਤ ਦੀ ਲੱਤ ਅਤੇ ਸਿਰ ‘ਤੇ ਸੱਟ ਲੱਗੀ ਸੀ। ਰਿਸ਼ਭ ਦਾ ਇਲਾਜ ਦੇਹਰਾਦੂਨ ਦੇ ਮੈਕਸ ਹਸਪਤਾਲ ‘ਚ ਚੱਲ ਰਿਹਾ ਹੈ। ਰਿਸ਼ਭ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਸੀ। ਮੈਕਸ ਵਿਖੇ ਰਿਸ਼ਭ ਦਾ ਮੁਫ਼ਤ ਇਲਾਜ ਚੱਲ ਰਿਹਾ ਹੈ। ਹੁਣ ਪੰਤ ਦੀ ਸਿਹਤ ਨੂੰ ਲੈ ਕੇ ਨਵੀਂ ਜਾਣਕਾਰੀ ਮਿਲੀ ਹੈ।
ਪੰਤ ਦੀ ਸਿਹਤ ਨੂੰ ਲੈ ਕੇ ਤਾਜ਼ਾ ਅਪਡੇਟ ਆਇਆ ਹੈ। ਮੀਡੀਆ ਰਿਪੋਰਟਸ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਪੰਤ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਆਈਸੀਯੂ ਤੋਂ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਉਨ੍ਹਾਂ ਦੀ ਹਾਲਤ ‘ਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ ਲੱਤ ‘ਚ ਦਰਦ ਲਗਾਤਾਰ ਜਾਰੀ ਰਿਹਾ। ਉਨ੍ਹਾਂ ਕਿਹਾ ਕਿ ਫਿਲਹਾਲ ਐਮਆਰਆਈ ਦੀ ਕੋਈ ਯੋਜਨਾ ਨਹੀਂ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦੇ ਨਿਰਦੇਸ਼ਕ ਸ਼ਿਆਮ ਸ਼ਰਮਾ, ਬਾਲੀਵੁੱਡ ਅਦਾਕਾਰ ਅਨਿਲ ਕਪੂਰ ਅਤੇ ਅਨੁਪਮ ਖੇਰ ਹਸਪਤਾਲ ਵਿੱਚ ਪੰਤ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਏ ਸਨ। ਪੰਤ ਦਾ ਲਿਗਾਮੈਂਟ ਫਟ ਗਿਆ ਹੈ ਅਤੇ ਇਸ ਸੱਟ ਤੋਂ ਉਭਰਨ ਲਈ ਉਨ੍ਹਾਂ ਨੂੰ ਤਿੰਨ ਤੋਂ ਛੇ ਮਹੀਨੇ ਲੱਗ ਸਕਦੇ ਹਨ। ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਸੀ ਕਿ ਪੰਤ ਲਈ ਇਸ ਸੱਟ ਕਾਰਨ ਫਰਵਰੀ-ਮਾਰਚ ਵਿੱਚ ਆਸਟਰੇਲੀਆ ਖ਼ਿਲਾਫ਼ ਹੋਣ ਵਾਲੀ ਚਾਰ ਮੈਚਾਂ ਦੀ ਟੈਸਟ ਲੜੀ ਵਿੱਚ ਖੇਡਣਾ ਮੁਸ਼ਕਿਲ ਹੈ। ਪੰਤ ਨੂੰ ਠੀਕ ਹੋਣ ਅਤੇ ਮੈਚ ਲਈ ਫਿੱਟ ਹੋਣ ਲਈ ਸਮਾਂ ਲੱਗੇਗਾ। ਪੰਤ ਨੇ ਹੁਣ ਤੱਕ 33 ਟੈਸਟਾਂ ਵਿੱਚ ਪੰਜ ਸੈਂਕੜੇ ਅਤੇ 11 ਅਰਧ ਸੈਂਕੜੇ ਸਮੇਤ 2,271 ਦੌੜਾਂ ਬਣਾਈਆਂ ਹਨ। ਉਹ 30 ਵਨਡੇ ਅਤੇ 66 ਟੀ-20 ਵਿੱਚ ਵੀ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਪੰਤ ਦਾ ਆਈਪੀਐਲ ਵਿੱਚ ਖੇਡਣਾ ਮੁਸ਼ਕਿਲ ਹੋ ਰਿਹਾ ਹੈ। ਪੰਤ ਆਈਪੀਐਲ ਵਿੱਚ ਦਿੱਲੀ ਕੈਪੀਟਲਜ਼ ਦੇ ਕਪਤਾਨ ਹਨ। ਜੇਕਰ ਪੰਤ ਨਹੀਂ ਖੇਡਦਾ ਹੈ ਤਾਂ ਇਹ ਫਰੈਂਚਾਇਜ਼ੀ ਲਈ ਚਿੰਤਾ ਦਾ ਵਿਸ਼ਾ ਹੋਵੇਗਾ। ਫ੍ਰੈਂਚਾਇਜ਼ੀ ਨੂੰ ਕਪਤਾਨ ਅਤੇ ਵਿਕਟਕੀਪਰ ਦੇ ਤੌਰ ‘ਤੇ ਪੰਤ ਦਾ ਬਦਲ ਲੱਭਣਾ ਪਏਗਾ। ਜੇਕਰ ਪੰਤ ਆਊਟ ਹੁੰਦੇ ਹਨ ਤਾਂ ਡੇਵਿਡ ਵਾਰਨਰ ਟੀਮ ਦੀ ਕਪਤਾਨੀ ਕਰ ਸਕਦੇ ਹਨ। ਉਨ੍ਹਾਂ ਕੋਲ ਆਈਪੀਐਲ ਵਿੱਚ ਕਪਤਾਨੀ ਕਰਨ ਦਾ ਤਜਰਬਾ ਵੀ ਹੈ।