ਚੰਡੀਗੜ੍ਹ ਦੇ ਸੈਕਟਰ 2 ਸਥਿਤ ਰਾਜਿੰਦਰਾ ਪਾਰਕ ਅੰਬਾਂ ਦੇ ਬਾਗ ‘ਚ ਸੋਮਵਾਰ ਦੁਪਹਿਰ ਨੂੰ ਇੱਕ ਜਿੰਦਾ ਬੰਬ ਮਿਲਿਆ ਹੈ। ਇਹ ਵੀਵੀਆਈਪੀ ਖੇਤਰ ਹੈ। ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰੀ ਰਿਹਾਇਸ਼ ਨੇੜੇ ਹੈ। ਇੰਨਾ ਹੀ ਨਹੀਂ ਇਸ ਵਿੱਚ ਕੁੱਝ ਦੂਰੀ ‘ਤੇ ਹੈਲੀਪੈਡ ਹੈ, ਜਿੱਥੇ ਸੀ.ਐਮ ਭਗਵੰਤ ਮਾਨ ਦਾ ਹੈਲੀਕਾਪਟਰ ਉਤਰਦਾ ਹੈ। ਬੰਬ ਹੋਣ ਦੀ ਸੂਚਨਾ ਮਿਲਦਿਆਂ ਹੀ ਚੰਡੀਗੜ੍ਹ ਪੁਲੀਸ ਦੀ ਟੀਮ ਬੰਬ ਅਤੇ ਡਾਗ ਸਕੁਐਡ ਨਾਲ ਮੌਕੇ ’ਤੇ ਪਹੁੰਚ ਗਈ।
ਬੰਬ ਨੂੰ ਚਾਰੇ ਪਾਸਿਓਂ ਢੱਕਣ ਤੋਂ ਬਾਅਦ ਫੌਜ ਬੁਲਾ ਲਈ ਗਈ ਸੀ। ਫੌਜ ਦੀ ਟੀਮ ਭਲਕੇ ਇਸ ਨੂੰ ਡਿਫਿਊਜ਼ ਕਰੇਗੀ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ ਜਿੱਥੋਂ ਬੰਬ ਬਰਾਮਦ ਹੋਇਆ ਹੈ। ਰਾਜਿੰਦਰਾ ਪਾਰਕ ਦੇ ਨਾਲ ਲੱਗਦੇ ਅੰਬਾਂ ਦੇ ਬਾਗ ਵਿੱਚ ਟਿਊਬਵੈੱਲ ਲਗਾਇਆ ਗਿਆ ਹੈ। ਸੋਮਵਾਰ ਦੁਪਹਿਰ ਜਦੋਂ ਅਪਰੇਟਰ ਟਿਊਬਵੈੱਲ ਚਲਾਉਣ ਗਿਆ ਤਾਂ ਉਸ ਨੇ ਬੰਬ ਦੇਖਿਆ। ਉਸ ਨੇ ਤੁਰੰਤ ਚੰਡੀਗੜ੍ਹ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪੁਲਿਸ ਫੋਰਸ ਉਥੇ ਪਹੁੰਚ ਗਈ ਅਤੇ ਤੁਰੰਤ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਫਿਲਹਾਲ ਕਿਸੇ ਨੂੰ ਵੀ ਉਸ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਪੁਲਿਸ ਨੇ ਤੁਰੰਤ ਇਹਤਿਆਤੀ ਕਦਮ ਚੁੱਕੇ ਕਿਉਂਕਿ ਬੰਬ ਜ਼ਿੰਦਾ ਸੀ। ਬੰਬ ਨੂੰ ਇੱਕ ਫਾਈਬਰ ਡਰੱਮ ਵਿੱਚ ਰੱਖਿਆ ਗਿਆ ਹੈ। ਇਸ ਦੇ ਆਲੇ-ਦੁਆਲੇ ਰੇਤ ਦੀਆਂ ਬੋਰੀਆਂ ਰੱਖੀਆਂ ਗਈਆਂ ਹਨ, ਤਾਂ ਜੋ ਧਮਾਕਾ ਹੋਣ ਦੀ ਸੂਰਤ ‘ਚ ਇਹ ਆਲੇ-ਦੁਆਲੇ ਦੇ ਇਲਾਕਿਆਂ ਨੂੰ ਨੁਕਸਾਨ ਨਾ ਪਹੁੰਚਾ ਸਕੇ। ਚਾਰੇ ਪਾਸੇ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਬੰਬ ਦੇ ਨੇੜੇ ਨਾ ਆਵੇ।