ਹਾਲੀਵੁੱਡ ਸਿਨੇਮਾ ਦੇ ਦਿੱਗਜ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ ਰੋਨਨ ਵਿਬਰਟ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰ ਲੰਬੇ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਸਨ। ਫਿਲਮ ‘ਦਿ ਸਨੋਮੈਨ’ ਤੋਂ ਜ਼ਬਰਦਸਤ ਪ੍ਰਸਿੱਧੀ ਹਾਸਿਲ ਕਰਨ ਵਾਲੇ ਰੋਨਨ ਵਿਬਰਟ ਨੇ 58 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਜੇਸ ਗ੍ਰੈਂਡ ਵਾਈਬਰਟ ਹੈ।
ਤੁਹਾਨੂੰ ਦੱਸ ਦੇਈਏ ਰੋਨਨ ਵਿਬਰਟ ਹਾਲੀਵੁੱਡ ਵਿੱਚ ਆਪਣੇ ਲੰਬੇ ਕਰੀਅਰ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਵੱਡੇ-ਵੱਡੇ ਨਿਰਦੇਸ਼ਕਾਂ ਅਤੇ ਅਦਾਕਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਡੈੱਡਲਾਈਨ ਮੁਤਾਬਿਕ ਅਮਰੀਕਾ ਦੇ ਇੱਕ ਨਿਊਜ਼ ਆਊਟਲੈੱਟ ਨੇ ਵਿਬਰਟ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰੋਨਨ ਵਿਬਰਟ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹ ਸਾਊਥ ਵੇਲਜ਼ ਵਿੱਚ ਵੱਡੇ ਹੋਏ ਹਨ। ਅਦਾਕਾਰ ਨੇ ਰਾਇਲ ਅਕੈਡਮੀ ਆਫ਼ ਡਰਾਮੈਟਿਕ ਆਰਟਸ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਲੰਡਨ ਵਿੱਚ ਬਿਤਾਇਆ ਸੀ। ਹਾਲ ਹੀ ਵਿੱਚ ਉਹ ਫਲੋਰੀਡਾ ਵਿੱਚ ਰਹਿ ਰਹੇ ਸੀ।