ਫਰਾਂਸ ਦੀ ਰਾਜਧਾਨੀ ਪੈਰਿਸ ‘ਚ 60 ਸਾਲਾ ਵਿਅਕਤੀ ਵੱਲੋਂ ਅਚਾਨਕ ਭੀੜ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ‘ਚ ਹੁਣ ਤੱਕ 3 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੇ ਨਾਲ ਹੀ ਮੌਕੇ ‘ਤੇ ਮੌਜੂਦ ਕਰੀਬ 7 ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਇਹ ਘਟਨਾ ਸੈਂਟਰਲ ਪੈਰਿਸ ਦੀ ਹੈ। ਇੱਥੇ ਇਸ ਵਿਅਕਤੀ ਨੇ ਅਚਾਨਕ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਇਸ ਮੁੱਦੇ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
ਪੁਲਿਸ ਨੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਹੈ। ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਫੜੇ ਗਏ ਹਮਲਾਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹਸਪਤਾਲ ‘ਚ ਦਾਖਲ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਗੋਲੀਬਾਰੀ ਦੀ ਪੈਰਿਸ ਸੈਂਟਰਲ ਹਾਲ ਦੇ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ। ਡਿਪਟੀ ਮੇਅਰ ਇਮੈਨੁਅਲ ਗ੍ਰੇਗੋਇਰ ਨੇ ਟਵੀਟ ਕੀਤਾ ਹੈ, ਜਿਸ ‘ਚ ਲਿਖਿਆ ਹੈ, ‘ਇੱਥੇ ਗੋਲੀਬਾਰੀ ਕੀਤੀ ਗਈ ਹੈ। ਤੁਰੰਤ ਕਾਰਵਾਈ ਕਰਨ ਲਈ ਸੁਰੱਖਿਆ ਬਲਾਂ ਦਾ ਧੰਨਵਾਦ।ਉਨ੍ਹਾਂ ਅੱਗੇ ਲਿਖਿਆ, ‘ਪੀੜਤਾਂ ਅਤੇ ਚਸ਼ਮਦੀਦ ਗਵਾਹਾਂ ਨੂੰ ਦਿਲਾਸਾ।’ ਸਥਾਨਕ ਮੀਡੀਆ ਮੁਤਾਬਿਕ ਦੋਸ਼ੀ ਹਮਲਾਵਰ ਦੀ ਉਮਰ ਕਰੀਬ 60 ਸਾਲ ਹੈ। ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਹਮਲੇ ਦੇ ਪਿੱਛੇ ਦੀ ਯੋਜਨਾ ਦਾ ਪਤਾ ਨਹੀਂ ਲੱਗ ਸਕਿਆ ਹੈ।