ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇੰਨੀਂ ਦਿਨੀਂ ਬੁਰੇ ਦੌਰ ‘ਚੋਂ ਗੁਜਰ ਰਹੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਵੀਡੀਓ ਮਾਮਲੇ ‘ਚ ਜੇਲ੍ਹ ‘ਚ ਬੰਦ ਹਨ। ਇਸ ਸਭ ਦੇ ਚਲਦਿਆਂ ਸ਼ਿਲਪਾ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਨੂੰ ਕਾਫ਼ੀ ਟਰੋਲ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹਾਲ ਹੀ ‘ਚ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ‘ਤੇ ਇੱਕ ਬਿਆਨ ਜਾਰੀ ਕੀਤਾ ਹੈ, ਜੋ ਕਿ ਇੰਟਰਨੈੱਟ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨੋਟ ਜਾਰੀ ਕੀਤਾ ਹੈ, ਜਿਸ ‘ਚ ਸ਼ਿਲਪਾ ਨੇ ਲਿਖਿਆ ਹੈ ”ਹਾਂ ਪਿਛਲੇ ਕੁੱਝ ਦਿਨ ਬਹੁਤ ਮੁਸ਼ਕਿਲ ਭਰੇ ਰਹੇ ਹਨ। ਕਈ ਅਫਵਾਹਾਂ ਅਤੇ ਦੋਸ਼ ਸਾਡੇ ‘ਤੇ ਲੱਗ ਰਹੇ ਹਨ। ਮੀਡੀਆ ਅਤੇ ਮੇਰੇ ਸ਼ੁਭ ਚਿੰਤਕਾਂ ਨੇ ਮੇਰੇ ਬਾਰੇ ਕਈ ਗੱਲਾਂ ਆਖੀਆਂ ਹਨ। ਮੈਨੂੰ ਹੀ ਨਹੀਂ ਪਰਿਵਾਰ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ। ਸਾਡੇ ‘ਤੇ ਕਈ ਸਵਾਲ ਚੁੱਕੇ ਜਾ ਰਹੇ ਹਨ ਪਰ ਮੈਂ ਹਾਲੇ ਇਸ ਮਾਮਲੇ ‘ਤੇ ਕੁੱਝ ਨਹੀਂ ਕਹਿਣਾ ਅਤੇ ਮੈਂ ਇਸ ਮਾਮਲੇ ‘ਚ ਚੁੱਪ ਰਹਿਣਾ ਚਾਹੁੰਦੀ ਹਾਂ। ਮੇਰੇ ਨਾਂ ‘ਤੇ ਝੂਠੀਆਂ ਗੱਲਾਂ ਨਾ ਬਣਾਓ। ਇੱਕ ਅਦਾਕਾਰਾ ਹੋਣ ਕਰਕੇ ਮੇਰੀ ਇੱਕ ਫ਼ਿਲਾਸਫੀ ਹੈ ਕਿ ਕਦੇ ਸ਼ਿਕਾਇਤ ਨਾ ਕਰੋ ਤੇ ਕਦੇ ਸਫਾਈ ਨਾ ਦਿਓ। ਮੈਂ ਬਸ ਇਹ ਕਹਾਂਗੀ ਕਿ ਹੁਣ ਜਾਂਚ ਚੱਲ ਰਹੀ ਹੈ। ਮੈਨੂੰ ਮੁੰਬਈ ਪੁਲਸ ਅਤੇ ਭਾਰਤ ਦੀ ਨਿਆਂ ਪ੍ਰਣਾਲੀ ‘ਤੇ ਪੂਰਾ ਵਿਸ਼ਵਾਸ਼ ਹੈ।”
ਦਰਅਸਲ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਅਸ਼ਲੀਲ ਫ਼ਿਲਮਾਂ ਦਾ ਕਾਰੋਬਾਰ ਕਰਨ ਦੇ ਦੇਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ । ਹਾਲਾਂਕਿ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ‘ਗ਼ੈਰ ਕਾਨੂੰਨੀ’ ਦੱਸਿਆ ਹੈ। ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਦਾ ਅਸਲੀ ਕਾਰਨ ਦੱਸਦੇ ਹੋਏ, ਸਰਕਾਰੀ ਵਕੀਲ ਅਰੁਣਾ ਪਈ ਨੇ ਬੰਬੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੇ whatsapp group ‘ਤੇ ਚੈਟ ਨੂੰ ਹਟਾਉਣ (ਸਬੂਤ ਨਸ਼ਟ) ਕਰਨ ਦਾ ਕੰਮ ਕੀਤਾ ਹੈ। ਰਾਜ ਕੁੰਦਰਾ ਦੇ ਆਈ. ਟੀ. ਸਹਿਯੋਗੀ ਰਿਆਨ ਥੋਰਪ ਨੂੰ ਵੀ ਸਬੂਤ ਮਿਟਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।