ਕ੍ਰਿਕਟ ‘ਚ ਅਕਸਰ ਤੁਸੀਂ ਟੀਮਾਂ ਨੂੰ ਤਾਸ਼ ਦੇ ਪੱਤਿਆਂ ਵਾਂਗ ਖਿੱਲਰਦੇ ਦੇਖਿਆ ਹੋਵੇਗਾ ਪਰ ਬਿਗ ਬੈਸ਼ ਲੀਗ ‘ਚ ਤਾਂ ਹੱਦ ਹੀ ਹੋ ਗਈ। ਬਿਗ ਬੈਸ਼ ਲੀਗ ‘ਚ ਸ਼ੁੱਕਰਵਾਰ ਨੂੰ ਐਡੀਲੇਡ ਸਟ੍ਰਾਈਕਰਸ ਨੇ ਸਿਡਨੀ ਥੰਡਰ ਨੂੰ ਸਿਰਫ 15 ਦੌੜਾਂ ‘ਤੇ ਢੇਰ ਕਰ ਦਿੱਤਾ। ਸਿਡਨੀ ਥੰਡਰ ਦੀ ਟੀਮ ਸਿਰਫ਼ 35 ਗੇਂਦਾਂ ਖੇਡ ਕੇ ਆਲ ਆਊਟ ਹੋ ਗਈ। ਸਿਡਨੀ ਟੀਮ ਕੋਲ ਐਲੇਕਸ ਹੇਲਸ, ਰਿਲੇ ਰੂਸੋ ਵਰਗੇ ਵੱਡੇ ਬੱਲੇਬਾਜ਼ ਸਨ ਪਰ ਇਸ ਦੇ ਬਾਵਜੂਦ ਟੀਮ ਨੇ ਆਤਮ ਸਮਰਪਣ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਬਿਗ ਬੈਸ਼ ਲੀਗ ਦੇ ਇਤਿਹਾਸ ਵਿੱਚ ਇਹ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਸਾਲ 2015 ‘ਚ ਮੈਲਬੋਰਨ ਰੇਨੇਗੇਡਜ਼ ਦੀ ਟੀਮ 57 ਦੌੜਾਂ ‘ਤੇ ਆਊਟ ਹੋ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ ਪੁਰਸ਼ ਕ੍ਰਿਕਟ ਵਿੱਚ ਪਹਿਲੀ ਵਾਰ ਕੋਈ ਟੀਮ 20 ਤੋਂ ਘੱਟ ਸਕੋਰ ਬਣਾ ਕੇ ਆਊਟ ਹੋਈ ਹੈ। ਸਿਡਨੀ ਥੰਡਰ ਦਾ 15 ਦੌੜਾਂ ਦਾ ਸਕੋਰ ਪੁਰਸ਼ਾਂ ਦੇ ਟੀ-20 ਕ੍ਰਿਕਟ ਵਿੱਚ ਸਭ ਤੋਂ ਛੋਟਾ ਸਕੋਰ ਹੈ। ਇਸ ਤੋਂ ਪਹਿਲਾਂ ਇਹ ਅਣਚਾਹੇ ਰਿਕਾਰਡ ਤੁਰਕੀ ਦੇ ਨਾਂ ਸੀ ਜੋ ਸਾਲ 2019 ‘ਚ ਚੈੱਕ ਗਣਰਾਜ ਖਿਲਾਫ 21 ਦੌੜਾਂ ‘ਤੇ ਢੇਰ ਹੋ ਗਿਆ ਸੀ। ਹਾਲਾਂਕਿ ਹੁਣ ਇਹ ਰਿਕਾਰਡ ਸਿਡਨੀ ਥੰਡਰ ਦੇ ਨਾਂ ਹੋ ਗਿਆ ਹੈ। ਗੇਂਦਾਂ ਦੇ ਮਾਮਲੇ ਵਿੱਚ ਵੀ ਸਿਡਨੀ ਥੰਡਰ ਨੇ ਇੱਕ ਸ਼ਰਮਨਾਕ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਪੁਰਸ਼ ਕ੍ਰਿਕਟ ‘ਚ ਪਹਿਲੀ ਵਾਰ ਕੋਈ ਟੀਮ ਇੰਨੀਆਂ ਘੱਟ ਗੇਂਦਾਂ ਖੇਡਣ ਤੱਕ ਸੀਮਤ ਰਹੀ ਹੈ।
ਸਿਡਨੀ ਥੰਡਰ ਨੂੰ ਸਿਰਫ਼ 140 ਦੌੜਾਂ ਦਾ ਟੀਚਾ ਮਿਲਿਆ ਪਰ ਇਸ ਦੇ ਬੱਲੇਬਾਜ਼ਾਂ ਨੇ ਖ਼ਰਾਬ ਕ੍ਰਿਕਟ ਖੇਡਣ ਵਿੱਚ ਕੋਈ ਕਸਰ ਨਹੀਂ ਛੱਡੀ। ਸਲਾਮੀ ਬੱਲੇਬਾਜ਼ ਐਲੇਕਸ ਹੇਲਸ, ਮੈਥਿਊ ਗਿਲਕਸ ਖਾਤਾ ਵੀ ਨਹੀਂ ਖੋਲ੍ਹ ਸਕੇ। ਰਿਲੇ ਰੂਸੋ ਦਾ ਖਾਤਾ ਖੁੱਲ੍ਹਿਆ ਪਰ ਉਹ 3 ਦੌੜਾਂ ਬਣਾ ਕੇ ਆਊਟ ਹੋ ਗਿਆ। ਕਪਤਾਨ ਜੇਸਨ ਸੰਘਾ ਵੀ ਖਾਤਾ ਨਹੀਂ ਖੋਲ੍ਹ ਸਕਿਆ। ਐਲੇਕਸ ਰੌਸ, ਡੇਨੀਅਲ ਸੈਮਸ ਸਾਰੇ ਕ੍ਰੀਜ਼ ‘ਤੇ ਆਏ ਅਤੇ ਫਿਰ ਪੈਵੇਲੀਅਨ ਪਰਤ ਗਏ।